
ਚੰਡੀਗੜ, 7 ਦਸੰਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਨੇ ਪਟਿਆਲਾ ਵਿਚ ਨਗਰ ਨਿਗਮ ਚੋਣਾਂ ਲਈ ਆਪ ਸਮੇਤ ਦੂਜੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਵਿਚ ਸੱਤਾਧਾਰੀ ਧਿਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਜੋਰਦਾਰ ਨਿਖੇਧੀ ਕੀਤੀ ਹੈ। ਪਾਰਟੀ ਦੇ ਸਹਿ- ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਪਟਿਆਲਾ ਦੇ ਵਾਰਡ ਨੰਬਰ 42 ਤੋਂ ਆਪ ਦੇ ਉਮੀਦਵਾਰ ਡਾ. ਹਰੀਸ਼ ਕਾਂਗ ਵਾਲੀਆ ਸਮੇਤ ਅਕਾਲੀ ਦਲ ਅਤੇ ਹੋਰਾਂ ਵਲੋਂ ਕੀਤੀਆਂ ਗਈਆਂ ਨਾਮਜਦਗੀਆਂ ਬਿਨਾ ਕਾਰਨ ਰੱਦ ਕਰ ਦਿੱਤੀਆਂ ਗਈਆਂ ਤਾਂ ਕਿ ਕਾਂਗਰਸ ਦੇ ਉਮੀਦਵਾਰ ਨੂੰ ਜੇਤੂ ਐਲਾਨਿਆ ਜਾ ਸਕੇ। ਆਪ ਉਮੀਦਵਾਰ ਦੇ ਦਸਤਾਵੇਜਾਂ ਵਿਚ ਇਹ ਕਮੀ ਦਿਖਾਈ ਗਈ ਕਿ ਇਸ ਦੀ ਵੋਟਰ ਸੂਚੀ ਵਿਧਾਨ ਸਭਾ ਚੋਣਾਂ ਵਾਲੀ ਵੋਟਰ ਸੂਚੀ ਹੈ। ਇਸੇ ਤਰਾਂ ਵਾਰਡ ਨੰਬਰ 41 ਤੋਂ ਆਪ ਦੀ ਉਮੀਦਵਾਰ ਮਨੀਸ਼ਾ ਰਾਣੀ ਦੇ ਕਾਗਜਾਂ ਉਪਰ ਇਹ ਇਤਰਾਜ ਲਗਾਇਆ ਗਿਆ ਕਿ ਉਸਨੇ ਵਾਰਡ ਨੰਬਰ 41 ਦੀ ਥਾਂ ਵਾਰਡ ਨੰਬਰ 42 ਤੋਂ ਕਾਗਜ਼ ਭਰੇ ਹਨ ਜਦਕਿ ਮਨੀਸ਼ਾ ਰਾਣੀ ਕੋਲ ਵਾਰਡ ਨੰਬਰ 41 ਲਈ ਜਮਾਂ ਕਰਵਾਏ ਗਏ ਦਸਤਾਵੇਜਾਂ ਦੀ ਦਫਤਰੀ ਰਸੀਦ ਹੈ। ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਕਾਂਗਰਸ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਸਦੀ ਹੈ ਕਿ ਸਰਕਾਰ ਬੌਖਲਾ ਗਈ ਹੈ ਅਤੇ ਕਿਸੇ ਵੀ ਤਰੀਕੇ ਨਗਰ ਨਿਗਮ ਚੋਣਾਂ ਜਿੱਤਣਾ ਚਾਹੁੰਦੀ ਹੈ ਪਰੰਤੂ ਬਤੌਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਲੋਕਤੰਤਰ ਦੀ ਹੱਤਿਆ ਨਹੀਂ ਹੋਣ ਦੇਵੇਗੀ।
ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੀਨੀਅਰ ਆਗੂ ਡਾ. ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਕਾਂਗਰਸ ਦੀ ਇਸ ਧੱਕੇਸ਼ਾਹੀ ਵਿਰੁੱਧ ਅੱਜ ਆਮ ਆਦਮੀ ਪਾਰਟੀ ਸਮੇਤ ਦੂਸਰੇ ਵਿਰੋਧੀ ਦਲਾਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਬਾਹਰ ਧਰਨਾ ਦਿੱਤਾ ਅਤੇ ਲਿਖਤ ਸ਼ਿਕਾਇਤ ਦਿੱਤੀ, ਜਿਸ ਨੂੰ ਡਿਪਟੀ ਕਮਿਸ਼ਨਰ ਨੇ ਮੁੱਖ ਰਾਜ ਚੋਣ ਕਮਿਸ਼ਨਰ ਨੂੰ ਭੇਜ ਦਿੱਤਾ।






















