ਨਗਰ ਨਿਗਮ ਵੱਲੋਂ 2209 ਕਿਲੋਵਾਟ ਸੋਲਰ ਪਾਵਰ ਪ੍ਰੋਜੈਕਟ ਕੀਤਾ ਜਾ ਰਿਹਾ ਸ਼ੁਰੂ-ਕਮਿਸ਼ਨਰ ਨਗਰ ਨਿਗਮ

Advertisement


ਬਠਿੰਡਾ, 14 ਅਗਸਤ (ਕੁਲਬੀਰ ਬੀਰਾ) : ਆਜ਼ਾਦੀ ਦਿਵਸ ਮੌਕੇ ਨਗਰ ਨਿਗਮ ਬਠਿੰਡਾ ਵੱਲੋਂ 2209 ਕਿਲੋਵਾਟ ਸੋਲਰ ਪਾਵਰ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਤੋਂ ਪੈਦਾ ਹੋਣ ਵਾਲੀ ਐਨਰਜੀ ਪਾਵਰ ਸੇਵਿੰਗ ਵੱਲ ਪਹਿਲਾ ਕਦਮ ਤੇ ਗਰੀਨ ਊਰਜਾ ਪੈਦਾ ਕਰਨ ਲਈ ਸਹਾਈ ਸਿੱਧ ਹੋਵੇਗਾ। ਇਸ ਨਾਲ ਨੈਟ ਮੋਨੀਟਰੀਰਿੰਗ ਸਿਸਟਮ ਦੇ ਤਹਿਤ ਭਵਿੱਖ ਵਿਚ 25 ਸਾਲਾਂ ਲਈ ਸਲਾਨਾ 2.25 ਕਰੋੜ ਰੁਪਏ ਦੀ ਬੱਚਤ ਹੋਵੇਗੀ। ਇਹ ਜਾਣਕਾਰੀ ਕਮਿਸ਼ਨਰ ਨਗਰ ਨਿਗਮ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਸਾਂਝੀ ਕੀਤੀ।

ਇਸ ਪ੍ਰੋਜੈਕਟਰ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਮਿਸ਼ਨਰ ਸ਼੍ਰੀ ਸ਼ੇਰਗਿੱਲ ਨੇ ਦੱਸਿਆ ਕਿ ਨਿਗਮ ਵੱਲੋਂ ਇਹ ਪ੍ਰੋਜੈਕਟ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਸਹਿਯੋਗ ਨਾਲ ਮਿੱਤਲ ਮਸ਼ੀਨ ਪ੍ਰਾਈਵੇਟ ਲਿਮਿਟਡ ਨੂੰ ਅਲਾਟ ਕੀਤਾ ਗਿਆ ਹੈ। ਇਸ ਦੀ ਕੁੱਲ ਲਾਗਤ 9.85 ਕਰੋੜ ਰੁਪਏ ਹੋਵੇਗੀ ਜਿਸ ਵਿੱਚ ਕੰਪਨੀ ਦੁਆਰਾ 5 ਸਾਲਾਂ ਲਈ ਇਸ ਦਾ ਰੱਖ-ਰਖਾਵ ਵੀ ਕੀਤਾ ਜਾਣਾ ਸ਼ਾਮਿਲ ਹੈ।

ਉਨਾਂ ਕਿਹਾ ਕਿ ਇਹ ਸੋਲਰ ਪਾਵਰ ਪਲਾਂਟ ਨਗਰ ਨਿਗਮ ਵੱਲੋਂ ਆਪਣੀਆਂ ਵੱਖ-ਵੱਖ ਥਾਵਾਂ ਜਿਵੇ ਕਿ ਜ਼ੌਗਰ ਪਾਰਕ, ਸੀਵਰੇਜ਼ ਟਰੀਟਮੈਂਟ ਪਲਾਂਟ, ਵਾਟਰ ਵਰਕਸ (ਇੰਡਸਟਰੀਅਲ ਗਰੋਥ ਸੈਂਟਰ ਮਾਨਸਾ ਰੋਡ) ਤੇ ਨਿਗਮ ਦਫਤਰ ਦੀ ਇਮਾਰਤ ਦੇ ਉਪਰ ਲਗਾਏ ਜਾਣ ਦੀ ਤਜਵੀਜ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਵੱਖ-ਵੱਖ ਤਰਾਂ ਦੀਆਂ 23254 ਸਟਰੀਟ ਲਾਇਟਾਂ ਲੱਗੀਆਂ ਹੋਈਆਂ ਹਨ, ਜਿਨਾਂ ਵਿੱਚ ਟਿਊਬ ਲਾਇਟਾਂ, ਸੋਡੀਅਮ ਲੈਂਪ, ਸੀ.ਐਫ.ਐਲ. ਆਦਿ ਵੱਖ-ਵੱਖ ਤਰਾਂ ਦੇ ਪੁਆਇੰਟ ਲੱਗੇ ਹੋਏ ਹਨ।

ਕਮਿਸ਼ਨਰ ਨਗਰ ਨਿਗਮ ਨੇ ਅੱਗੇ ਇਹ ਵੀ ਦੱਸਿਆ ਕਿ ਹੁਣ ਨਿਗਮ ਵੱਲੋਂ ਨਵੀਆਂ ਐਲ.ਈ.ਡੀ. ਲਾਇਟਾਂ ਲਗਾਏ ਜਾਣ ਦਾ ਪ੍ਰੋਜੈਕਟ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ, ਜਿਸ ਦੀ ਕੁੱਲ ਲਾਗਤ 16.60 ਕਰੋੜ ਰੁਪਏ ਹੋਵੇਗੀ, ਜਿਸ ਵਿੱਚ 8 ਸਾਲ ਲਈ ਰੱਖ-ਰਖਾਵ ਦੀ ਕੀਮਤ ਵੀ ਸ਼ਾਮਲ ਹੈ। ਇਸ ਨਾਲ ਜਿੱਥੇ ਪਹਿਲਾਂ ਨਾਲੋਂ 57 ਫ਼ੀਸਦੀ ਬਿਜਲੀ ਦੀ ਬੱਚਤ ਹੋਵੇਗੀ ਉੱਥੇ ਇੱਕੋ ਤਰਾਂ ਦੀਆਂ ਸਮਾਰਟ ਲਾਇਟਾਂ ਲੱਗਣ ਨਾਲ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ।

ਕਮਿਸ਼ਨਰ ਨਗਰ ਨਿਗਮ ਨੇ ਹੋਰ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿੱਚ 1.25 ਕਰੋੜ ਰੁਪਏ ਦੀ ਲਾਗਤ ਨਾਲ ਪੌਪ-ਅੱਪ ਸਪ੍ਰਿੰਕਲਰ ਸਿਸਟਮ, ਸੀ.ਸੀ.ਟੀ.ਵੀ. ਕੈਮਰੇ ਲਗਵਾਏ ਜਾ ਰਹੇ ਹਨ। ਇਸ ਨਾਲ ਜਿੱਥੇ ਪਹਿਲਾਂ ਨਾਲੋਂ 75 ਫ਼ੀਸਦੀ ਤੱਕ ਪਾਣੀ ਦੀ ਬੱਚਤ ਹੋਵੇਗੀ ਉੱਥੇ ਇਨਾਂ ਪਾਰਕਾਂ ਵਿੱਚ ਜਾਣ ਵਾਲੇ ਬੱਚਿਆਂ ਤੇ ਔਰਤਾਂ ਦੀ ਸੁਰੱਖਿਆ ਵੀ ਸੁਨਿਸ਼ਚਿਤ ਹੋਵੇਗੀ। ਸ਼ਹਿਰ ਵਾਸੀਆਂ ਦੀ ਚੰਗੀ ਸਿਹਤ ਦੇ ਧਿਆਨ ਹਿੱਤ ਵੱਖ-ਵੱਖ ਪਾਰਕਾਂ ਵਿੱਚ ਕਈ ਤਰਾਂ ਦੀਆਂ ਸਪੋਰਟਸ ਗਤੀਵਿਧੀਆਂ ਜਿਵੇਂ ਕਿ ਵਾਲੀਬਾਲ ਕੋਰਟ, ਬੈਡਮਿੰਟਨ ਕੋਰਟ, ਕ੍ਰਿਕਿਟ ਪ੍ਰੈਕਟਿਸ ਪਿੱਚ ਅਤੇ ਸਕੁਐਸ਼-ਕੋਰਟ ਆਦਿ ਸ਼ੁਰੂ ਕਰਵਾਈਆਂ ਜਾਣਗੀਆਂ।