ਲਡ਼ਾਈ ਰੋਕਣ ਵਾਲੇ ਦੀ ਇੱਟ ਵੱਜਣ ਨਾਲ ਹੋਈ ਮੌਤ

Advertisement

ਮੋਗਾ 11 ਅਗਸਤ ( ਵਿਸ਼ਵ ਵਾਰਤਾ )-::ਇਥੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਬੁਰਜ ਦੁਨਾਂ ਵਿਖੇ ਲੰਘੀ ਸ਼ਾਮ ਝਗੜ ਰਹੇ ਗੁਆਂਢੀਆਂ ਨੂੰ ਝਗੜਨ ਤੋਂ ਰੋਕਣ ਗਏ ਬਜ਼ੁਰਗ ਦੀ ਪੱਥਰਬਾਜ਼ੀ ਦੌਰਾਨ ਇੱਟ ਵੱਜਣ ਨਾਲ ਮੌਤ ਹੋ ਗਈ। ਪੁਲੀਸ ਨੇ ਗੈਰ ਇਰਾਦਾ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਨਿਹਾਲ ਸਿੰਘ ਵਾਲਾ ਮਨਮੋਹਣ ਸਿੰਘ ਔਲਖ ਅਤੇ ਥਾਣਾ ਬੱਧਨੀ ਕਲਾਂ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਜ਼ੁਰਗ ਸਿੰਦਰ ਸਿੰਘ ਦੀ ਪਤਨੀ ਮਹਿੰਦਰ ਕੌਰ ਪਿੰਡ ਬੁਰਜ ਦੁਨਾਂ ਦੇ ਬਿਆਨ ਉੱਤੇ ਜਸਵਿੰਦਰ ਸਿੰਘ ਉਰਫ ਲਾਲਾ ਅਤੇ ਹਰਪਿੰਦਰ ਸਿੰਘ ਉਰਫ ਬਿੰਦਾ ਦੋਵੇੇਂ ਭਰਾ ਅਤੇ ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ ਅਤੇ ਲਖਵਿੰਦਰ ਕੌਰ ਸਾਰੇ ਪਿੰਡ ਬੁਰਜ ਦੁਨਾ ਖ਼ਿਲਾਫ਼ ਆਈਪੀਸੀ ਦੀ ਧਾਰਾ 304/34 ਤਹਿਤ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਤਾਬਕ ਪੀੜਤ ਮਹਿੰਦਰ ਕੌਰ ਨੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਘਰ ਦੇ ਸਹਾਮਣੇ ਮੁਲਜ਼ਮ ਆਪਸ ਵਿੱਚ ਲੜ ਰਹੇ ਸਨ ਅਤੇ ਇੱਕ ਦੂਜੇ ਉੱਤੇ ਪੱਥਰਬਾਜ਼ੀ ਕਰ ਰਹੇ ਸਨ। ਉਸ ਦਾ ਪਤੀ ਸ਼ਿੰਦਰ ਸਿੰਘ (66 ) ਉਨ੍ਹਾਂ ਨੂੰ ਛੁਡਾਉਣ ਗਿਆ ਤਾਂ ਮੁਲਜ਼ਮ ਜਸਵਿੰਦਰ ਸਿੰਘ ਉਰਫ ਲਾਲਾ ਵੱਲੋਂ ਮਾਰੀ ਇੱਟ ਸ਼ਿੰਦਰ ਸਿੰਘ ਦੇ ਸਿਰ ਵਿੱਚ ਵੱਜੀ, ਜਿਸ ਨਾਲ ਉਹ ਜ਼ਮੀਨ ‘ਤੇ ਡਿੱਗ ਪਿਆ ਅਤੇ ਖੂਨ ਨਾਲ ਲੱਥ ਪੱਥ ਹੋਏ ਦੇਖ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਉਸ ਦੇ ਪਤੀ ਸਿੰਦਰ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲੈ ਕੇ ਗਏ ਅਤੇ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।