ਜੱਚਾ ਤੇ ਬੱਚਾ ਦੋਵੇਂ ਤੰਦਰੁਸਤ-ਆਈਸੋਲੇਸ਼ਨ ਵਾਰਡ ਵਿਚ ਹੀ ਵੱਖਰੇ 2 ਬੈਡਾਂ ਵਾਲੇ ਲੇਬਰ ਰੂਮ ਦੀ ਸਥਾਪਨਾ
ਪ੍ਰਤੀਬੱਧ ਮੈਡੀਕਲ ਤੇ ਨਰਸਿੰਗ ਸਟਾਫ਼ ਪੂਰੇ ਪੇਸ਼ੇਵਰ ਤਰੀਕੇ ਨਾਲ ਕਰ ਰਿਹਾ ਹੈ ਗਰਭਵਤੀ ਮਹਿਲਾਵਾਂ ਦਾ ਇਲਾਜ
ਕਪੂਰਥਲਾ 10 ਅਗਸਤ( ਵਿਸ਼ਵ ਵਾਰਤਾ )-ਜਿੱਥੇ ਇਕ ਪਾਸੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਜ਼ਿਲ੍ਹੇ ਨੂੰ ਕੋਰੋਨਾ ਦੇ ਪ੍ਰਛਾਵੇਂ ‘ਚੋਂ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ ਉੱਥੇ ਹੀ ਬੀਤੀ ਰਾਤ ਕਪੂਰਥਲਾ ਵਿਖੇ ਸਥਾਪਿਤ ਕੀਤੇ ਗਏ ‘ਆਈਸੋਲੇਸ਼ਨ ਵਾਰਡ ਵਿਚ ਇਕ ਨੰਨ੍ਹੀ ਬਾਲੜੀ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ। ਭੁਲੱਥ ਵਾਸੀ ਗਾਇਤਰੀ ਦੇਵੀ ਜੋ ਕਿ ਕੁਝ ਦਿਨ ਪਹਿਲਾਂ ਕਰੋਨਾ ਪਾਜੀਟਿਵ ਪਾਈ ਗਈ ਸੀ, ਨੇ ਬੀਤੀ ਰਾਤ ਇਕ ਬੱਚੀ ਨੂੰ ਜਨਮ ਦਿੱਤਾ। ਜਨਮ ਪਿੱਛੋਂ ਆਈਸੋਲੇਸ਼ਨ ਵਾਰਡ ਵਿਖੇ ਜੱਚਾ ਤੇ ਬੱਚਾ ਦੋਵੇਂ ਤੰਦਰੁਸਤ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹੇ ਵਿਚ ਅਜਿਹਾ ਪਹਿਲਾ ਮਾਮਲਾ ਹੈ, ਜਿੱਥੇ ਕਰੋਨਾ ਪਾਜੀਟਿਵ ਮਹਿਲਾ ਵਲੋਂ ਬੱਚੀ ਨੂੰ ਜਨਮ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਜੋ ਕਰੋਨਾ ਪਾਜੀਟਿਵ ਹਨ ਦੀ ਸਹੂਲਤ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਸਰਵਉੱਚ ਪਹਿਲ ਦਿੰਦਿਆਂ ਅਜਿਹੇ ਕੇਸਾਂ ਲਈ ਆਈਸੋਲੇਸ਼ਨ ਕੇਂਦਰ ਵਿਚ ਹੀ ਵੱਖਰਾ ਲੇਬਰ ਰੂਮ ਬਣਾਇਆ ਗਿਆ ਹੈ, ਜਿਸ ਵਿਚ ਦੋ ਬੈਡ ਕੇਵਲ ਅਜਿਹੀਆਂ ਔਰਤਾਂ ਲਈ ਰਾਖਵੇਂ ਰੱਖੇ ਗਏ ਹਨ , ਜੋ ਕਿ ਗਰਭਵਤੀ ਵੀ ਹਨ ਤੇ ਕਰੋਨਾ ਪਾਜੀਟਿਵ ਵੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲੇਬਰ ਰੂਮ ਵਿਚ ਗਰਭਵਤੀ ਔਰਤਾਂ ਦੀ ਦੇਖ ਭਾਲ ਲਈ ਤੇ ਖਾਣ-ਪੀਣ ਲਈ ਵੀ ਵੱਖਰੇ ਇੰਤਜਾਮ ਕੀਤੇ ਗਏ ਹਨ।
ਸਿਵਲ ਹਸਪਤਾਲ ਵਿਖੇ ਕੋਵਿਡ ਲੇਬਰ ਰੂਮ ਦੀ ਸਟਾਫ ਨਰਸ ਹਰਦੀਪ ਕੌਰ ਜਿਸਨੇ ਬੱਚੀ ਦੇ ਜਨਮ ਮੌਕੇ ਸਾਰੀ ਟੀਮ ਦੀ ਅਗਵਾਈ ਕੀਤੀ ਨੇ ਦੱਸਿਆ ਕਿ ਕੋਵਿਡ-19 ਪਾਜਿਟਿਵ ਗਰਭਵਤੀ ਮਹਿਲਾ ਦਾ ਜਣੇਪਾ ਕਰਵਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਪਰ ਉਨ੍ਹਾਂ ਦੇ ਹਸਪਤਾਲ ਦੇ ਪ੍ਰਤੀਬੱਧ ਮੈਡੀਕਲ ਤੇ ਨਰਸਿੰਗ ਸਟਾਫ਼ ਤੇ ਹੋਰ ਅਮਲੇ ਨੇ ਇਸ ਮੁਸ਼ਕਿਲ ਦੀ ਘੜੀ ‘ਚ ਆਪਣਾ ਫ਼ਰਜ਼ ਬਾਖੂਬੀ ਨਿਭਾਉਂਦਿਆਂ ਪੂਰੇ ਪੇਸ਼ੇਵਰ ਤਰੀਕੇ ਤੇ ਮਾਨਵੀ ਸੰਵੇਦਨਾ ਨਾਲ ਜਣੇਪੇ ਦੇ ਕਾਰਜ ਨੂੰ ਸਿਰੇ ਚੜ੍ਹਾਇਆ ਹੈ। ਉਨਾਂ ਕਿਹਾ ਕਿ ਡਾਕਟਰ ਸੰਦੀਪ ਧਵਨ ਵਲੋਂ ਉਨ੍ਹਾਂ ਦੀ ਟੀਮ ਨੂੰ ਮੌਕੇ ‘ਤੇ ਲੋੜੀਂਦੀ ਅਗਵਾਈ ਪ੍ਰਦਾਨ ਕੀਤੀ ਜੋ ਕਿ ਬੱਚੀ ਦੇ ਸੁਰੱਖਿਅਤ ਜਨਮ ਵਿਚ ਬਹੁਤ ਸਹਾਈ ਹੋਈ।
ਕੈਪਸ਼ਨ-ਕਪੂਰਥਲਾ ਦੇ ਆਈਸੋਲੇਸਨ ਵਾਰਡ ਵਿਚ ਨਵ ਜਨਮੀ ਬੱਚੀ ਨਾਲ ਉਸਦੀ ਮਾਂ ਗਾਇਤਰੀ ਦੇਵੀ ਤੇ ਹਸਪਤਾਲ ਦਾ ਸਟਾਫ।
ਕੈਪਸ਼ਨ- ਕਰੋਨਾ ਪਾਜੀਟਿਵ ਔਰਤ ਵਲੋਂ ਆਈਸੋਲੇਸ਼ਨ ਵਾਰਡ ਵਿਚ ਬੱਚੀ ਦੇ ਜਨਮ ਸਬੰਧੀ ਜਾਣਕਾਰੀ ਦਿੰਦੇ ਹੋਏ ਸਟਾਫ ਨਰਸ ਹਰਦੀਪ ਕੌਰ।