ਕੋਵਿਡ-19 ਤੋਂ ਬਚਾਅ ਲਈ ਜ਼ਿਲਾ ਪੁਲਿਸ ਵਲੋਂ ਮਾਸਕ ਵੰਡਣ ਦੀ ਸ਼ੁਰੂਆਤ

Advertisement

ਐਸ.ਐਸ.ਪੀ.ਜਸਪ੍ਰੀਤ ਸਿੰਘ ਵਲੋਂ ਜ਼ਿਲਾ ਵਾਸੀਆਂ ਨੂੰ ਮਾਸਕ ਲਾਜ਼ਮੀ ਪਾਉਣ ਦੀ ਅਪੀਲ
ਕਪੂਰਥਲਾ 08 ਅਗਸਤ(  ਵਿਸ਼ਵ ਵਾਰਤਾ )- ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਮਾਹਾਂਮਾਰੀ ਕੋਵਿਡ-19 ਦੇ ਬਚਾਅ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨਾਂ ਦੀ ਜ਼ਿਲਾ ਕਪੂਰਥਲਾ ਵਿੱਚ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ ।
ਇਸੇ ਹੀ ਸਬੰਧ ਵਿੱਚ ਸੀਨੀਅਰ ਪੁਲਿਸ ਕਪਤਾਨ ਸ੍ਰੀ ਜਸਪ੍ਰੀਤ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਸ੍ਰੀ ਜਸਵੀਰ ਸਿੰਘ ਐਸ.ਪੀ ਟਰੈਫਿਕ/ ਓਪਰੇਸ਼ਨ ਕਪੂਰਥਲਾ ਵਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਵਿਚ ਕੋਰੋਨਾ ਵਾਇਰਸ ਮਾਹਾਂਮਾਰੀ ਕੋਵਿਡ-19 ਤੋਂ ਬਚਾਅ ਲਈ ਮਾਸਕ ਵੰਡੇ ਗਏ।
ਇਸ ਮੌਕੇ ਐਸ.ਐਸ.ਪੀ.ਕਪੂਰਥਲਾ ਸ੍ਰੀ ਜਸਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਮਾਹਿਰਾਂ ਦੇ ਸੁਝਾਅ ਅਨੁਸਾਰ ਮਾਸਕ ਪਾਉਣ ਨਾਲ ਕੋਵਿਡ-19 ਦੇ ਖ਼ਤਰੇ ਨੂੰ 75 ਪ੍ਰਤੀਸ਼ਤ ਤੱਕ ਘੱਟ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਹਰ ਜ਼ਿਲਾ ਵਾਸੀ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਅਪਣੇ ਆਪ ਨੂੰ ਅਤੇ ਹੋਰਨਾਂ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਸਿਹਤ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਦੂਸਰਿਆਂ ਨੂੰ ਵੀ ਇਸ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ। ਉਨ•ਮਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਚੀਜ਼ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ ਜ਼ਰੂਰ ਧੋਵੋ, ਘਰੋਂ ਬਾਹਰ ਜਾਣ ਲਗਿਆ ਮੂੰਹ ਮਾਸਕ ਨਾਲ ਢੱਕ ਕੇ ਬਾਹਰ ਜਾਣ, ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾਈ ਰੱਖੋਂ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਸ੍ਰੀ ਸਿੱਧੂ ਨੇ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਸਿਹਤ ਅਤੇ ਹੋਰਨਾਂ ਵਿਭਾਗਾਂ ਨਾਲ ਮਿਲ ਕੇ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਲੜੀ ਜਾ ਰਹੀ ਹੈ ਅਤੇ ਇਸ ਨੂੰ ਜ਼ਿਲਾ ਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਜਿੱਤਿਆ ਨਹੀਂ ਜਾ ਸਕਦਾ। ਉਨਾਂ ਜ਼ਿਲਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨੂੰ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਪੂਰਨ ਸਹਿਯੋਗ ਦੇਣ ਅਤੇ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਿੱਚ ਸਹਿਯੋਗ ਦੇਣ।
ਇਸ ਮੌਕੇ ਸਬ ਇੰਸਪੈਕਟਰ ਦਰਸ਼ਨ ਸਿੰਘ ,ਏ ਐਸ ਆਈ ਗੁਰਬਚਨ ਸਿੰਘ ਸਟੇਟ ਐਵਾਰਡੀ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਕਪੂਰਥਲਾ ਹਾਜ਼ਰ ਸਨ।
ਕੈਪਸ਼ਨ- ਕਪੂਰਥਲਾ ਵਿਖੇ ਰਾਹਗੀਰਾਂ ਨੂੰ ਮਾਸਕ ਵੰਡਦੇ ਹੋਏ ਐਸ ਪੀ ਜਸਬੀਰ ਸਿੰਘ ਤੇ ਪੁਲਿਸ ਕਰਮਚਾਰੀ ।
—————–