ਵਿਧਾਇਕ ਸੰਧਵਾਂ, ਰੋੜੀ, ਬਿਲਾਸਪੁਰ, ਪੰਡੋਰੀ ਸਮੇਤ ਕਲਿਆਣ ਪਿੰਡ ਪਹੁੰਚੇ ‘ਆਪ’ ਆਗੂ
ਸੱਤਾ ਤੋਂ ਬਾਹਰ ਹੋ ਕੇ ਹੀ ਬਾਦਲਾਂ ਨੂੰ ਕਿਉਂ ਜਾਗ ਜਾਂਦੈ ਪੰਥ ਅਤੇ ਪੰਜਾਬ ਪ੍ਰਤੀ ਮੋਹ-ਕੁਲਤਾਰ ਸਿੰਘ ਸੰਧਵਾਂ
ਪਟਿਆਲਾ, 8 ਅਗਸਤ 2020 (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰ ਸਾਹਿਬ ਵਿਚੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਪੁਰਾਤਨ ਸਰੂਪ ਨੂੰ ਲੱਭਣ ‘ਚ ਪੁਲਸ ਦੀ ਬੇਹੱਦ ਢਿੱਲੀ ਕਾਰਵਾਈ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਐਨੇ ਸੰਵੇਦਨਸ਼ੀਲ ਮੁੱਦੇ ‘ਤੇ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਵਾਲਾ ਹੀ ਢਿੱਲਾ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ, ਜੋ ਕਈ ਤਰਾਂ ਦੇ ਸ਼ੰਕੇ-ਸਵਾਲ ਖੜੇ ਕਰ ਰਿਹਾ ਹੈ।
ਸ਼ਨੀਵਾਰ ਨੂੰ ਕਲਿਆਣ ਵਿਖੇ ਗੁਰਦੁਆਰਾ ਸਾਹਿਬ ਦਾ ਦੌਰਾ ਕਰਨ ਉਪਰੰਤ ਮੀਡੀਆ ਦੇ ਰੂਬਰੂ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਪਾਰਟੀ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਚੋਰੀਆਂ ਦੇ ਮਾਮਲੇ ਮੌਜੂਦਾ (ਅਮਰਿੰਦਰ) ਸਰਕਾਰ ਦੌਰਾਨ ਵੀ ਨਾ ਰੁਕਣਾ ਨਾ ਕੇਵਲ ਵੱਡੀ ਚਿੰਤਾ ਦਾ ਵਿਸ਼ਾ ਹਨ, ਸਗੋਂ ਗਹਿਰੀ ਸਾਜ਼ਿਸ਼ ਵੱਲ ਵੀ ਸੰਕੇਤ ਦਿੰਦੇ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਐਨੇ ਦਿਨਾਂ ਬਾਅਦ ਵੀ ਪੁਲਸ ਜਾਂਚ ਦੌਰਾਨ ਕੋਈ ਸੰਕੇਤ ਨਾ ਮਿਲਣਾ ਪੂਰੀ ਸਰਕਾਰ ਦੀ ਕਾਬਲੀਅਤ ਅਤੇ ਕਾਰਗੁਜ਼ਾਰੀ ‘ਤੇ ਉਗਲ ਉਠਾਉਂਦਾ ਹੈ। ਇਸ ਲਈ ਜਾਂਚ ਮਾਨਯੋਗ ਹਾਈਕੋਰਟ ਦੇ ਸੀਟਿੰਗ ਜੱਜ ਹਵਾਲੇ ਕਰਕੇ ਇੱਕ ਉੱਚ ਪੱਧਰੀ ਪੇਸ਼ੇਵਾਰ ਟੀਮ ਰਾਹੀਂ ਜਾਂਚ ਕਰਵਾਈ ਜਾਵੇ। ਸੰਧਵਾਂ ਨੇ ਕਿਹਾ ਕਿ ਜੇਕਰ 17 ਅਗਸਤ ਤੱਕ ਸਰਕਾਰ ਨੇ ਜਾਂਚ ਸਿਰੇ ਨਾ ਲਗਾਈ ਤਾਂ ਆਮ ਆਦਮੀ ਪਾਰਟੀ ਵੀ ਬਾਕੀ ਸੰਗਤ ਅਤੇ ਜਥੇਬੰਦੀਆਂ ਨਾਲ ਸਰਕਾਰ ਵਿਰੁੱਧ ਸੰਘਰਸ਼ ਕਰੇਗੀ।
ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਜੇਕਰ ਬਾਦਲ ਸਰਕਾਰ ਵੇਲੇ ਬੁਰਜ ਜਵਾਹਰ ਸਿੰਘ ਵਿਖੇ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਤੁਰੰਤ ਮਿਲੇ ਤੱਥਾਂ-ਸਬੂਤਾਂ ਦੇ ਆਧਾਰ ‘ਤੇ ਬਿਨਾਂ ਪੱਖਪਾਤ ਪੇਸ਼ੇਵਾਰਨਾ ਜਾਂਚ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਬਾਕੀ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਵਾਲਾ ਕਾਲਾ ਅਧਿਆਏ ਹੀ ਸ਼ੁਰੂ ਨਹੀਂ ਸੀ ਹੋਣਾ। ਇਸ ਲਈ ਇਸ ਮਾਮਲੇ ‘ਚ ਰੱਤੀ ਭਰ ਵੀ ਢਿੱਲ ਮੱਠ ਨਹੀਂ ਬਰਦਾਸ਼ਤ ਕੀਤੀ ਜਾ ਸਕਦੀ।
ਕੁਲਤਾਰ ਸਿੰਘ ਸੰਧਵਾਂ, ਕੁਲਵੰਤ ਸਿੰਘ ਪੰਡੋਰੀ ਅਤੇ ਹਰਚੰਦ ਸਿੰਘ ਬਰਸਟ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮਾਮਲੇ ‘ਤੇ ਲਗਾਏ ਧਰਨੇ ਨੂੰ ਨਿਰਾ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਖ਼ੁਦ ਬੇਅਦਬੀਆਂ ਦੇ ਦਾਗ਼ ਲਈ ਘੁੰਮ ਰਹੇ ਬਾਦਲ ਗੁਰੂ ਨਾਲ ਜੁੜੇ ਕਿਸੇ ਵੀ ਮਾਮਲੇ ‘ਤੇ ਬੋਲਣ ਦਾ ਨੈਤਿਕ ਹੱਕ ਖੋ ਚੁੱਕੇ ਹਨ।
‘ਆਪ’ ਆਗੂਆਂ ਅਨੁਸਾਰ ਸੱਤਾ ਤੋਂ ਬਾਹਰ ਆ ਕੇ ਹੀ ਬਾਦਲਾਂ ਨੂੰ ਪੰਥ ਅਤੇ ਪੰਜਾਬ ਪ੍ਰਤੀ ਮੋਹ ਕਿਉਂ ਜਾਗ ਪੈਂਦਾ ਹੈ? ਹੁਣ ਸਮੁੱਚੀ ਸੰਗਤ ਸਭ ਸਮਝਦੀ ਹੈ।
ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ
ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਸੰਗਰੂਰ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ...