-ਕੋਰੋਨਾ ਵਾਇਰਸ ਦੇ ਕੇਸ ਭਾਵੇਂ ਵੱਧ ਰਹੇ ਹਨ ਫਿਰ ਵੀ ਸਥਿਤੀ ਕੰਟਰੋਲ ਹੇਠ, ਪਰ ਲੋਕਾਂ ਦਾ ਸਹਿਯੋਗ ਜਰੂਰੀ-ਕੁਮਾਰ ਅਮਿਤ
-ਪਟਿਆਲਾ ਜ਼ਿਲ੍ਹੇ ‘ਚ 1 ਪਾਜ਼ਿਟਿਵ ਕੇਸ ਪਿੱਛੇ ਇਕਾਂਤਵਾਸ ਲੋਕਾਂ ਦੀ ਗਿਣਤੀ ਸੂਬੇ ‘ਚ ਸਭ ਤੋਂ ਵੱਧ-ਕੁਮਾਰ ਅਮਿਤ
-ਮਹਾਂਮਾਰੀ ਤੋਂ ਬਚਾਅ ਲਈ ਮਾਸਕ ਪਾਉਣ ਸਮੇਤ ਆਪਸੀ ਦੂਰੀ ਬਣਾ ਕੇ ਰੱਖੀ ਜਾਵੇ-ਡੀ.ਸੀ.
-ਵਾਇਰਸ ਤੋਂ ਬਚਣ ਲਈ ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਪ੍ਰਸ਼ਾਸਨ ਮਜਬੂਰਨ ਸਖ਼ਤੀ ਵਰਤੇਗਾ-ਕੁਮਾਰ ਅਮਿਤ
-ਮੁੱਖ ਮੰਤਰੀ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਲੋਕਾਂ ਦਾ ਸਾਥ ਜਰੂਰੀ-ਡੀ.ਸੀ.
ਪਟਿਆਲਾ, 15 ਜੁਲਾਈ (ਵਿਸ਼ਵ ਵਾਰਤਾ)-
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਅੱਜ ਸ਼ਾਮ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਪਟਿਆਲਾ ਦੇ ਫੇਸਬੁਕ ਪੇਜ ‘ਤੇ ਲਾਈਵ ਹੋ ਕੇ ਜ਼ਿਲ੍ਹਾ ਨਿਵਾਸੀਆਂ ਦੇ ਰੂ-ਬ-ਰੂ ਹੋਏ। ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਲੋਕਾਂ ਵੱਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜ਼ਿਲ੍ਹੇ ‘ਚ ਬੇਸ਼ੱਕ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ ਪਰ ਫਿਰ ਵੀ ਸਾਡੇ ਮਰੀਜ ਗੰਭੀਰ ਲੱਛਣਾਂ ਜਾਂ ਵੈਂਟੀਲੇਟਰ ‘ਤੇ ਰੱਖਣ ਵਾਲੇ ਨਹੀਂ ਹਨ ਪਰੰਤੂ ਸਥਿਤੀ ਨੂੰ ਨਿਯੰਤਰਣ ਹੇਠਾਂ ਰੱਖਣ ਲਈ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ‘ਚ 10 ਲੱਖ ਦੀ ਆਬਾਦੀ ਪਿੱਛੇ 15000 ਦੀ ਟੈਸਟਿੰਗ ਹੋਈ ਹੈ ਅਤੇ ਹੁਣ ਤੱਕ 30 ਹਜ਼ਾਰ ਤੋਂ ਵਧੇਰੇ ਟੈਸਟਿੰਗ ਹੋ ਚੁੱਕੀ ਹੈ ਜਦੋਂਕਿ 1 ਪਾਜ਼ਿਟਿਵ ਪਿੱਛੇ 1200 ਤੋਂ 1300 ਦੇ ਕਰੀਬ ਲੋਕਾਂ ਨੂੰ ਇਕਾਂਤਵਾਸ ਕਰਕੇ ਪਟਿਆਲਾ ਜ਼ਿਲ੍ਹਾ, ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਯਤਨਾਂ ‘ਚ ਪੰਜਾਬ ‘ਚੋਂ ਮੋਹਰੀ ਹੈ।
ਜ਼ਿਲ੍ਹੇ ‘ਚ ਕੋਵਿਡ ਦੇ ਕੇਸ ਵਧਣ ‘ਤੇ ਪ੍ਰਬੰਧਾਂ ਬਾਰੇ ਪੁੱਛੇ ਜਾਣ ‘ਤੇ ਸ੍ਰੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਸਪਤਾਲਾਂ ‘ਚ 3000 ਤੋਂ ਉਪਰ ਬਿਸਤਰਿਆਂ ਦੀ ਵਿਵਸਥਾ ਕੀਤੀ ਗਈ ਹੈ, ਜ਼ਿਨ੍ਹਾਂ ‘ਚੋਂ ਇਸ ਸਮੇਂ ਕੇਵਲ 385 ਹੀ ਵਰਤੇ ਗਏ ਹਨ ਪਰੰਤੂ ਪ੍ਰਸ਼ਾਸਨ ਨੇ ਹੋਰ ਬੈਡਾਂ ਦੇ ਵੀ ਪੁਖ਼ਤਾ ਇੰਤਜਾਮ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਪਟਿਆਲਾ ਸ਼ਹਿਰ ਸਮੇਤ ਸਮਾਣਾ ਆਦਿ ਕਈ ਖੇਤਰਾਂ ‘ਚ ਕੰਟੇਨਮੈਂਟ ਜੋਨ ਬਣਾਏ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਫਰੰਟ ਲਾਇਨ ਕੋਰੋਨਾ ਯੋਧਿਆਂ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਾਰੇ ਵੀ ਆਪਣੇ ਜੀਵਨ ਨੂੰ ਖ਼ਤਰੇ ‘ਚ ਪਾ ਕੇ ਲੋਕਾਂ ਦੀ ਮਦਦ ਲਈ ਫੀਲਡ ‘ਚ ਕੰਮ ਕਰਦੇ ਹਨ।
ਬਹੁਤੇ ਲੋਕਾਂ ਵਲੋਂ ਮਾਸਕ ਆਦਿ ਨਾ ਪਾਉਣ ਬਾਰੇ ਪੁੱਛੇ ਜਾਣ ‘ਤੇ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬੇਸ਼ੱਕ ਸਾਡਾ ਸਮਾਜ ਬਹੁਤ ਜਾਗਰੂਕ ਹੈ ਪ੍ਰੰਤੂ ਪ੍ਰਸ਼ਾਸਨ ਕਿਸੇ ਨੂੰ ਵੀ ਦੂਜਿਆਂ ਦੀ ਜਿੰਦਗੀ ਖ਼ਤਰੇ ‘ਚ ਪਾਉਣ ਦੀ ਇਜ਼ਾਜਤ ਨਹੀਂ ਦੇਵੇਗਾ ਅਤੇ ਸਖ਼ਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਅਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਅਗਵਾਈ ਹੇਠ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਨਾਲ ਵਾਰਡ ਵਾਈਜ ਕਮੇਟੀਆਂ, ਸੈਕਟਰ ਮੈਜਿਸਟਰੇਟ, ਪਟਵਾਰੀ, ਫਲਾਇੰਗ ਸੁਕੈਡ ਤੇ ਆਰ.ਆਰ.ਟੀ. ਟੀਮਾਂ ਸਮੇਤ ਆਸ਼ਾ ਵਰਕਰਾਂ ਫੀਲਡ ‘ਚ 24 ਘੰਟੇ ਕੰਮ ਕਰ ਰਹੀਆਂ ਹਨ।
ਸ੍ਰੀ ਕੁਮਾਰ ਅਮਿਤ ਨੇ ਪੰਜਾਬ ‘ਚ ਬਾਹਰੋਂ ਆਉਣ ਵਾਲਿਆਂ ਸਬੰਧੀਂ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਮੁਤਾਬਕ https://cova.punjab.gov.in/
ਈ ਲਿੰਕ ਜਾਂ ਕੋਵਾ ਐਪ ਰਾਹੀਂ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਮੋਨੀਟਰਿੰਗ ਕੀਤੀ ਜਾਂਦੀ ਹੈ। ਜਦੋਂਕਿ ਪੰਜਾਬ ਆਕੇ 72 ਘੰਟੇ ‘ਚ ਵਾਪਸ ਜਾਣ ਵਾਲਿਆਂ ਨੂੰ ਇਕਾਂਤਵਾਸ ਹੋਣ ਦੀ ਜਰੂਰਤ ਨਹੀਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਹੁਣ ਤੱਕ 660 ਵਿਅਕਤੀ ਬਾਹਰਲੇ ਮੁਲਕਾਂ ਤੋਂ ਆਏ ਹਨ ਤੇ ਇਨ੍ਹਾਂ ‘ਚੋਂ ਕੇਵਲ 7 ਜਣੇ ਪਾਜ਼ਿਟਿਵ ਪਾਏ ਗਏ ਅਤੇ 7000 ਦੇ ਕਰੀਬ ਦੂਸਰੇ ਰਾਜਾਂ ਤੋਂ ਵਿਅਕਤੀ ਆਏ ਹਨ, ਇਨ੍ਹਾਂ ‘ਚੋਂ ਵੀ ਕਈ ਪਾਜ਼ਿਟਿਵ ਆਏ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਰੰਭੇ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕੋਵਿਡ ਦੇ ਲੱਛਣਾਂ, ਖਾਂਸੀ, ਜੁਕਾਮ ਆਦਿ ਹੋਣ ‘ਤੇ ਡਾਕਟਰੀ ਸਹਾਇਤਾ ਲਈ 104 ਨੰਬਰ ਡਾਇਲ ਕਰਨ ਲਈ ਕਿਹਾ। ਇਸ ਤੋਂ ਬਿਨ੍ਹਾਂ ਲੋੜ ਪੈਣ ‘ਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਕੰਟਰੋਲ ਰੂਮ ਨੰਬਰ ‘ਤੇ 0175-2350550 ਸਿਵਲ ਸਰਜਨ ਦੇ ਨੰਬਰ 0175-5127793-5128793 ਅਤੇ ਪੁਲਿਸ ਦੇ 98764-32100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲੋਕ ਸਭਾ ਚੋਣਾਂ 2024 – ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ
ਲੋਕ ਸਭਾ ਚੋਣਾਂ 2024 - ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ ਲਖਨਊ, 2 ਮਈ(ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ (ਬਸਪਾ)...