ਮਾਨਸਾ 9 ਜੁਲਾਈ ( ਵਿਸ਼ਵ ਵਾਰਤਾ)-ਸਿਵਲ ਹਸਪਤਾਲ ਰਿਸ਼ਵਤਖੋਰੀ ਮਾਮਲੇ ਚ ਵਿਜੀਲੈਂਸ ਟੀਮ ਨਾਮਜਦ ਕੀਤੇ ਸਿਵਲ ਹਸਪਤਾਲ ਦੇ ਐਸ ਐਮ ਓ, ਡਾਕਟਰ ਅਸ਼ੋਕ ਕੁਮਾਰ ਨੂੰ ਵਿਜੀਲੈਂਸ ਵੱਲੋ ਗ੍ਰਿਫਤਾਰ ਕਰਨ ਉਪਰੰਤ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਵਿਜੀਲੈਂਸ ਟੀਮ ਵੱਲੋ ਪੁਲਿਸ ਰਿਮਾਂਡ ਦੌਰਾਨ ਐਸ ਐਮ ਓ ਤੋਂ ਕੀਤੀ ਜਾਣ ਵਾਲੀ ਪੁੱਛਗਿੱਛ ਤੋਂ ਬਾਅਦ ਇੱਸ ਰਿਸ਼ਵਤਖੋਰੀ ਮਾਮਲੇ ਚ ਜੁੜੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਦੇ ਚਿਹਰੇ ਤੋਂ ਪਰਦਾ ਉੱਠਣ ਦੀ ਸੰਭਾਵਨਾ ਹੈ। ਇਸ ਮਾਮਲੇ ਚ ਵਿਜੀਲੈਂਸ ਵੱਲੋ 6 ਕਥਿਤ ਦੋਸ਼ੀਆਂ ਨੂੰ ਪਹਿਲਾਂ ਹੀ ਜੇਲ ਭੇਜਿਆ ਜਾ ਚੁੱਕਾ ਹੈ ਅਤੇ ਇੱਕ ਈ ਐਮ ਓ ਡਾਕਟਰ ਸਾਹਿਲ ਅਜੇ ਫਰਾਰ ਹੈ। ਵਿਜੀਲੈਸ ਰੇਂਜ ਬਠਿੰਡਾ ਦੇ ਐਸ ਐਸ ਪੀ,ਪਰਮਜੀਤ ਸਿੰਘ ਵਿਰਕ ਨੇ ਸੰਪਰਕ ਕਰਨ ਤੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਤਰਾਂ ਕਾਰਵਾਈ ਕੀਤੀ ਜਾਵੇਗੀ
ਵਰਨਣਯੋਗ ਹੈ ਕਿ ਵਿਜੀਲੈਸ ਰੇਂਜ ਬਠਿੰਡਾ ਦੇ ਐਸ ਐਸ ਪੀ,ਪਰਮਜੀਤ ਸਿੰਘ ਵਿਰਕ ਦੀ ਨਿਗਰਾਨੀ ਵਾਲੀ ਟੀਮ ਨੇ 16 ਜੂਨ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਤਿੰਨ ਮੁਲਾਜਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਫਰਜੀ ਅੰਗਹੀਣ ਸਰਟੀਫੀਕੇਟ ਜਾਰੀ ਕਰਵਾਉਣ, ਝੂਠੀਆਂ ਡੋਪ ਟੈਸਟ ਰਿਪੋਰਟਾਂ ਜਾਰੀ ਕਰਨ ਅਤੇ ਐਮ ਐਲ, ਆਰਜ ਵਿੱਚ ਹੇਰਾਫੇਰੀ ਕਰਕੇ ਸੱਟਾਂ ਦੀ ਕਿਸਮ ਵਿੱਚ ਬਦਲਾਵ ਕਰਨ ਤੇ ਆਯੂਸ਼ਮਾਨ ਭਾਰਤ ਜਨ ਸਵਾਸਥ ਯੋਜਨਾ ਤਹਿਤ ਸਿਵਲ ਹਸਪਤਾਲ ਮਾਨਸਾ ਤੋਂ ਪ੍ਰਾਈਵੇਟ ਹਸਪਤਾਲਾਂ ਨੂੰ ਮਰੀਜ ਰੈਫਰ ਕਰਨ ਵਰਗੇ ਮਾਮਲਿਆਂ ਚ ਵੱਡੇ ਪੱਧਰ ਤੇ ਚੱਲਦੀ ਰਿਸ਼ਵਤਖੋਰੀ ਦਾ ਪਰਦਾਫਾਸ਼ ਕਰਦਿਆਂ ਸਿਵਲ ਹਸਪਤਾਲ ਦੇ ਤਿੰਨ ਮੁਲਾਜਮਾਂ ਵਿਜੇ ਕੁਮਾਰ ਲੈਬ ਟੈਕਨੀਸੀਅਨ, ਦਰਸ਼ਨ ਸਿੰਘ ਫਰਮਾਸਿਸਟ ਅਤੇ ਤੇਜਿੰਦਰਪਾਲ ਸਰਮਾ ਐਫ ਐਲ ਓ. ਨੂੰ ਗ੍ਰਿਫਤਾਰ ਕਰਕੇ ਅਦਾਲਤ ਪਾਸੋ ਪਹਿਲਾ ਪੰਜ ਦਿਨਾਂ ਤੇ ਫੇਰ ਦੋ ਦਿਨਾਂ ਕੁੱਲ ਸੱਤ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿਨ੍ਹਾਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਤੇ ਜੇਲ ਭੇਜਣ ਦਾ ਹੁਕਮ ਦਿੱਤਾ ਸੀ।