-ਮਾਲ ਅਧਿਕਾਰੀਆਂ ਨੂੰ ਫੀਲਡ ‘ਚ ਜਾਣ ਦੀਆਂ ਹਦਾਇਤਾਂ, ਹੜਾਂ ਦੇ ਸੀਜਨ ਦੌਰਾਨ ਪਟਵਾਰੀ ਡਿਊਟੀ ਵਾਲੇ ਪਿੰਡਾਂ ‘ਚ ਹੀ ਰਹਿਣਗੇ
-ਡੀ.ਸੀ. ਵੱਲੋਂ ਇੰਤਕਾਲਾਂ ਦੇ ਲੰਬਿਤ ਮਾਮਲੇ ਸਮਾਂ ਬੱਧ ਢੰਗ ਨਾਲ ਨਿਪਟਾਉਣ ‘ਤੇ ਜ਼ੋਰ
-ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ ਮੁਕੰਮਲ ਕਰਕੇ ਰਿਪੋਰਟ ਭੇਜੀ ਜਾਵੇ-ਕੁਮਾਰ ਅਮਿਤ
ਪਟਿਆਲਾ, 9 ਜੁਲਾਈ (ਵਿਸ਼ਵ ਵਾਰਤਾ)-
ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਸਮੂਹ ਮਾਲ ਅਧਿਕਾਰੀ ਆਪਣੇ ਇਲਾਕੇ ਨਾਲ ਸਬੰਧਤ ਵਸਨੀਕਾਂ ਨੂੰ ਬਿਹਤਰ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਸਮੇਤ ਆਗਾਮੀ ਹੜ੍ਹਾਂ ਦੇ ਸੀਜਨ ਦੇ ਮੱਦੇਨਜ਼ਰ ਖ਼ੁਦ ਆਪਣੇ ਇਲਾਕਿਆਂ ਦਾ ਦੌਰਾ ਕਰਨਾ ਯਕੀਨੀ ਬਣਾਉਣ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਉਹ ਖ਼ੁਦ ਸਾਰੇ ਤਹਿਸੀਲ ਦਫ਼ਤਰਾਂ ਦਾ ਦੌਰਾ ਕਰਕੇ ਨਿਰੀਖਣ ਕਰਨਗੇ। ਉਨ੍ਹਾਂ ਕਿਹਾ ਕਿ ਮਾਲ ਅਧਿਕਾਰੀ ਆਪਣੇ ਸਰਕਲਾਂ ‘ਚ ਲੰਬਿਤ ਇੰਤਕਾਲਾਂ ਦੇ ਮਾਮਲਿਆਂ ਦਾ 25 ਜੁਲਾਈ ਤੱਕ ਨਿਪਟਾਰਾ ਕਰਨ ਅਜਿਹਾ ਨਾ ਕਰਨ ਵਾਲਿਆਂ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਜਾਵੇਗੀ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਲ ਅਧਿਕਾਰੀਆਂ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਆਬਿਆਨਾ, ਚੌਂਕੀਦਾਰਾ ਸਮੇਤ ਲੰਬਿਤ ਹੋਰ ਰਿਕਵਰੀਆਂ ਵੀ ਸਮਾਂ ਬੱਧ ਕਰਨੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਸਮੂਹ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਆਪਣੇ ਕਾਨੂੰਨਗੋਆਂ ਅਤੇ ਪਟਵਾਰੀਆਂ ਦੇ ਕੰਮ ਦਾ ਰੋਜ਼ਾਨਾ ਆਧਾਰ ‘ਤੇ ਜਾਇਜ਼ਾ ਲੈਣ ਅਤੇ ਇਸ ਕੰਮ ਦੀ ਨਿਗਰਾਨੀ ਸਮੂਹ ਐਸ.ਡੀ.ਐਮਜ ਕਰਨਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਬਿਹਤਰ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਮਿਥੇ ਗਏ ਏਜੰਡੇ ਤਹਿਤ ਮਾਲ ਅਧਿਕਾਰੀਆਂ ਨੂੰ ਸਰਕਾਰ ਦੀਆਂ ਤਾਜਾ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਮਾਲ ਮਹਿਕਮੇ ਦੇ ਅਧਿਕਾਰੀ ਆਗਾਮੀ ਹੜ੍ਹਾਂ ਦੇ ਸੀਜਨ ਕਰਕੇ ਹੋਰ ਵਧੇਰੇ ਸਰਗਰਮੀ ਦਿਖਾਉਣ। ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਪਟਵਾਰੀ ਆਪਣੇ ਪਿੰਡਾਂ ‘ਚ ਰਹਿਣਗੇ ਅਤੇ ਰਿਪੋਰਟ ਦੇਣਗੇ।
ਸ੍ਰੀ ਕੁਮਾਰ ਅਮਿਤ ਨੇ ਤਹਿਸੀਲਦਾਰਾਂ ਤੇ ਸਰਕਲ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੌਕੇ ਦਾ ਖ਼ੁਦ ਦੌਰਾ ਕਰਕੇ ਨਿਸ਼ਾਨਦੇਹੀ ਦੇ ਕੰਮ ਨੂੰ ਵੀ ਪਹਿਲ ਦੇ ਅਧਾਰ ‘ਤੇ ਨਿਪਟਾਉਣ। ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ, ਐਸ.ਡੀ.ਐਮ. ਸਮਾਣਾ, ਸ੍ਰੀ ਨਮਨ ਮੜਕਨ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਐਸ.ਡੀ.ਐਮ. ਪਾਤੜਾਂ ਡਾ. ਪਾਲਿਕਾ ਅਰੋੜਾ, ਐਸ.ਡੀ.ਐਮ. ਨਾਭਾ ਸ੍ਰੀ ਕਾਲਾ ਰਾਮ ਕਾਂਸਲ, ਏ.ਸੀ. (ਯੂ.ਟੀ) ਜਸਲੀਨ ਕੌਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ. ਅਮਰਦੀਪ ਸਿੰਘ ਥਿੰਦ ਸਮੇਤ ਹੋਰ ਅਧਿਕਾਰੀ ਹਾਜਰ ਸਨ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...






















