ਬਠਿੰਡਾ ; 3 ਜੁਲਾਈ- ( ਕੁਲਬੀਰ ਬੀਰਾ ) ਮੁਲਕ ਦੀਆਂ ਕੋਲਾ ਖਾਣਾਂ ਦੇ ਮਜ਼ਦੂਰਾਂ ਦੀਆਂ ਸਮੂਹ ਟਰੇਡ ਯੂਨੀਅਨਾਂ ਦੁਆਰਾ ਦੇਸ਼ ਭਰ ਦੀਆਂ ਕੋਲਾ ਖਾਣਾਂ ਨੂੰ ਨਿੱਜੀ ਕੰਪਨੀਆਂ ਨੂੰ ਵੇਚਣ ਵਿਰੁੱਧ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ਵਿੱਚ ਅੱਜ ਬਠਿੰਡਾ ਇਲਾਕੇ ਦੀਆਂ ਜਨਤਕ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਬਠਿੰਡਾ ਸ਼ਹਿਰ ਦੇ ਸੈਕਟਰੀਏਟ ਸਾਹਮਣੇ ਇਕੱਠੇ ਹੋ ਕੇ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ।ਇਸ ਰੈਲੀ ਅਤੇ ਮੁਜ਼ਾਹਰੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਨੌਜਵਾਨ ਭਾਰਤ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਡੀਟੀਐੱਫ, ਟੀਐੱਸਯੂ ਭੰਗਲ, ਜਲ ਸਪਲਾਈ ਅਤੇ ਸੈਨੀਟੇਸ਼ਨ ਮੁਲਾਜ਼ਮ ਯੂਨੀਅਨ,ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੌਮ ਜ਼ੋਨ ਬਠਿੰਡਾ ਅਤੇ ਪਾਵਰਕਾਮ ਅੈਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਆਦਿ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ।
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਅਤੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਦੇ ਆਗੂ ਗੁਰਵਿੰਦਰ ਪੰਨੂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਕਰੋਨਾ ਸੰਕਟ ਦੇ ਓਹਲੇ ਹੇਠ ਮੁਲਕ ਭਰ ਦੇ ਸਨਅਤੀ ਕਾਮਿਆਂ ਸਮੇਤ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਸਰਕਾਰੀ, ਅਰਧਸਰਕਾਰੀ, ਠੇਕਾ ਮੁਲਾਜ਼ਮਾਂ ’ਤੇ ਨਿੱਜੀਕਰਣ ਦਾ ਕੁਹਾੜਾ ਚਲਾ ਕੇ ਰੱਤ-ਨਿਚੋੜੂ ਸੇਵਾ ਸ਼ਰਤਾਂ ਵਾਲੇ ਕਿਰਤ-ਕਾਨੂੰਨ ਅਤੇ ਖੇਤੀ ਆਰਡੀਨੈਂਸ ਠੋਸੇ ਜਾ ਰਹੇ ਹਨ।
ਉਨਾਂ ਆਖਿਆ ਕਿ ਸਰਕਾਰਾਂ ਦੇਸੀ ਵਿਦੇਸ਼ੀ ਨਿੱਜੀ ਕਾਰਪੋਰੇਟ ਘਰਾਣਿਆਂ ਨੂੰ ਮੋਟੇ ਗੱਫੇ ਲਵਾਉਣ ’ਚ ਜੁਟੀਆਂ ਹੋਈਆਂ ਹਨ ਜਦੋਂਕਿ ਕਿਰਤੀ ਵਰਗ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ। ਇਸ ਤਰਾਂ ਅੱਖਾਂ ਮੀਚ ਕੇ ਸਾਮਰਾਜੀ ਕਾਰਪੋਰੇਟਾਂ ਨੂੰ ਸਾਰੇ ਕੌਮੀ ਪੈਦਾਵਾਰੀ ਸਾਧਨ ਸੌਂਪ ਕੇ ਸਮੂਹ ਕਿਰਤੀ ਕਿਸਾਨਾਂ ਦੀ ਅੰਨੀ ਲੁੱਟ ਰਾਹੀਂ ਉਹਨਾਂ ਦੀ ਖਰੀਦ ਸ਼ਕਤੀ ਖਤਮ ਕਰਨ ਭਾਵ ਪੈਦਾਵਾਰ ਦੀ ਖਪਤ ਠੱਪ ਕਰਨ ਦਾ ਦੇਸ਼ ਦੇ ਸਮੁੱਚੇ ਆਰਥਿਕ ਵਿਕਾਸ ਉੱਤੇ ਬੇਹੱਦ ਮਾਰੂ ਅਸਰ ਪਵੇਗਾ। ਵਿਕਾਸ ਦੇ ਮਾਮਲੇ ’ਚ ਦੇਸ਼ ਦੀ ਆਰਥਿਕਤਾ ਪਹਿਲਾਂ ਹੀ ਬੇਹੱਦ ਨੀਵੇਂ ਪੱਧਰ ’ਤੇ ਪਹੁੰਚੀ ਹੋਈ ਹੈ। ਇਸ ਤਰਾਂ ਸਰਕਾਰ ਵੱਲੋਂ ਮੌਜੂਦਾ ਸਮੇਂ ਲਏ ਜਾ ਰਹੇ ਕਦਮਾਂ ਰਾਹੀਂ ਮੁਕੰਮਲ ਆਰਥਿਕ ਤਬਾਹੀ ਦਾ ਪੈੜਾ ਬੰਨ੍ਹਿਆ ਜਾ ਰਿਹਾ ਹੈ
ਇਸ ਤਬਾਹਕੁੰਨ ਪ੍ਰੋਗਰਾਮ ਵਿਰੁੱਧ ਸਮੂਹ ਕਿਰਤੀਆਂ ਕਿਸਾਨਾਂ ਦਾ ਵਿਆਪਕ ਇਕਜੁੱਟ ਸੰਘਰਸ਼ ਸਮੇਂ ਦੀ ਅਣਸਰਦੀ ਲੋੜ ਹੈ ।
ਅੱਜ ਦੇ ਸਮਾਗਮ ਨੂੰ ਅਸ਼ਵਨੀ ਘੁੱਦਾ, ਗੁਰਵਿੰਦਰ ਪੰਨੂੰ, ਜਗਦੇਵ ਸਿੰਘ ਜੋਗੇਵਾਲਾ, ਤੀਰਥ ਸਿੰਘ ਕੋਠਾਗੁਰੂ, ਬਲਜਿੰਦਰ ਸਿੰਘ , ਰੇਸ਼ਮ ਕੁਮਾਰ, ਗੁਰਮੀਤ ਸਿੰਘ ਅਤੇ ਰਾਜ ਕੁਮਾਰ ਨੇ ਸੰਬੋਧਨ ਕੀਤਾ।