ਸਰਵੇ ਤੋਂ ਬਾਅਦ ਕਿਸਾਨਾਂ ਨੂੰ ਹਰ ਕਿਸਮ ਦੀਆਂ ਸਪਰੇਆਂ ਕਰਨ ਤੋਂ ਫਿਲਹਾਲ ਵਰਜ਼ਿਆ
ਮਾਨਸਾ, 2 ਜੁਲਾਈ ( ਵਿਸ਼ਵ ਵਾਰਤਾ )-ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਸੱਤ ਪਿੰਡਾਂ ਦੇ ਨਰਮੇ ਵਾਲੇ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ ਕਿਸਾਨਾਂ ਨੂੰ ਹਰ ਕਿਸਮ ਦੀ ਸਪਰੇਅ ਕਰਨ ਤੋਂ ਵਰਜ਼ਿਆ ਹੈ। ਮਹਿਕਮੇ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਵਿੱਚ ਸਿੱਲ ਨਾ ਰਹਿਣ ਕਾਰਨ ਨਰਮੇ ਦੀ ਫ਼ਸਲ ਉਤੇ ਕਿਸੇ ਵੀ ਕੀਟ-ਪਤੰਗੇ ਦਾ ਅਜੇ ਤੱਕ ਕੋਈ ਹਮਲਾ ਨਹੀਂ ਹੈ, ਜਿਸ ਕਰਕੇ ਨਰਮੇ ਦੀ ਫ਼ਸਲ ਨੂੰ ਅਜੇ ਕਿਸੇ ਕਿਸਮ ਦੀਆਂ ਸਪਰੇਆਂ ਦੀ ਬਿਲਕੁਲ ਲੋੜ ਨਹੀਂ ਹੈ।
ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਖੇਤੀਬਾੜੀ ਮਹਿਕਮੇ ਦੀ ਟੀਮ ਵੱਲੋਂ ਅੱਜ ਪਿੰਡ ਤਾਮਕੋਟ,ਰੱਲਾ,ਜੋਗਾ,ਅਕਲੀਆ,ਖਿਆਲਾ ਖੁਰਦ, ਬੁਰਜ ਹਰੀ ਅਤੇ ਉਭਾ ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ।
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ.ਰਾਮ ਸਰੂਪ ਨੇ ਦੱਸਿਆ ਕਿ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਲਈ ਪੈਸਟ ਸਰਵੇਲੈਂਸ ਦੀ ਇੱਕ ਜ਼ਿਲ੍ਹਾ ਪੱਧਰੀ ਅਤੇ ਪੰਜ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਟੀਮ ਹਫਤੇ ਵਿੱਚ ਇੱਕ ਵਾਰ ਅਤੇ ਬਲਾਕ ਪੱਧਰੀ ਟੀਮਾਂ ਹਫਤੇ ਵਿੱਚ ਦੋ ਵਾਰ ਨਰਮੇ ਦੀ ਫਸਲ ਦਾ ਨਿਰੀਖਣ ਕਰਨਗੀਆਂ।
ਸਰਵੇਖਣ ਦੌਰਾਨ ਡਾ.ਚਮਨਦੀਪ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਆਪਣੇ ਖੇਤਾਂ ਵਿੱਚ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਉਨ੍ਹਾਂ ਨੇ ਸਰਵੇਖਣ ਕਰਨ ਦੇ ਢੰਗ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਬੂਟੇ ਸਵੇਰੇ 8 ਵਜੇ ਤੋਂ ਪਹਿਲਾਂ ਖੇਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੇ ਬੂਟਿਆਂ ਦੇ ਉਪਰਲੇ ਤਿੰਨ ਪੱਤਿਆਂ ਨੂੰ ਵੇਖਿਆ ਜਾਵੇ ਅਤੇ ਚਿੱਟੇ ਮੱਛਰ ਦੀ ਗਿਣਤੀ ਨੋਟ ਕੀਤੀ ਜਾਵੇ ਅਤੇ ਜੇਕਰ ਪ੍ਰਤੀ ਪੱਤਾ 6 ਚਿੱਟੇ ਮੱਛਰ ਹੋਣ ਤਾਂ ਸਪਰੇਅ ਦੀ ਲੋੜ ਹੁੰਦੀ ਹੈ।
ਡਾ. ਜਸਲੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਨਰਮੇ ਦੀ ਫਸਲ ਬਿਲਕੁਲ ਠੀਕ ਠਾਕ ਹੈ ਅਤੇ ਇਸ ਸਮੇਂ ਕਿਸਾਨਾਂ ਨੂੰ ਨਰਮੇ ਦੇ ਖੇਤਾਂ ਵਿੱਚ 25 ਕਿੱਲੋ ਯੂਰੀਆ ਪ੍ਰਤੀ ਏਕੜ ਪਾਣੀ ਤੋ ਬਾਅਦ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਆਪਣੇ ਖੇਤਾਂ ਦਾ ਆਲਾ ਦੁਆਲਾ ਨਦੀਨਾਂ ਤੋਂ ਮੁਕਤ ਰੱਖਣ ਤਾਂ ਜੋ ਕੋਈ ਕੀੜਾ ਮਕੌੜਾ ਇਨ੍ਹਾਂ ਤੇ ਨਾ ਪਲ ਸਕੇ। ਜ਼ਿਲੇ੍ਹ ਦੀ ਟੀਮ ਨੇ ਇਹ ਵੀ ਦੱਸਿਆ ਕਿ ਹਰ ਬਲਾਕ ਦੀਆਂ ਟੀਮਾਂ ਵੱਲੋ ਵੱਖ-ਵੱਖ ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ ਹੈ।
ਸਰਵੇਖਣ ਦੀਆਂ ਰਿਪੋਰਟਾਂ ਅਨੁਸਾਰ ਨਰਮੇ ਦੀ ਫਸਲ ਤੇ ਇਸ ਸਮੇਂ ਕਿਸੇ ਕਿਸਮ ਦਾ ਕੋਈ ਕੀੜਾ ਮਕੋੜਾ (ਚਿੱਟਾ ਮੱਛਰ, ਹਰਾ ਤੇਲਾ ਅਤੇ ਜੂੰ) ਆਦਿ ਦਾ ਹਮਲਾ ਨਹੀਂ ਦੇਖਣ ਨੂੰ ਮਿਲਿਆ।