ਅੰਮ੍ਰਿਤਸਰ, 27 ਜੂਨ (ਵਿਸ਼ਵ ਵਾਰਤਾ)- ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ, ਜਿੱਥੇ ਕੋਵਿਡ-19 ਦੇ ਖਤਰੇ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਸਿਹਤ ਵਿਭਾਗ,ਪ੍ਰਸ਼ਾਸ਼ਨ ਅਤੇ ਪੁਲਿਸ ਨਾਲ ਲਗਾਤਾਰ ਤਾਲਮੇਲ ਕਰ ਰਹੇ ਹਨ, ਉਥੇ ਸ਼ਹਿਰ ਵਿਚ ਰੁਕੇ ਵਿਕਾਸ ਕੰਮ ਪੂਰੇ ਕਰਵਾਉਣ ਲਈ ਚੱਲ ਪਏ ਹਨ। ਅੱਜ ਫਿਰ ਸ੍ਰੀ ਸੋਨੀ ਨੇ ਵਾਰਡ ਨੰਬਰ57 ਵਿਚ ਪੈਂਦਾ ਡੈਮਗੰਜ ਬਾਜ਼ਾਰ ਦੀਆਂ ਗਲੀਆਂ ਆਦਿ ਪੱਕੇ ਕਰਵਾਉਣ ਦੀ ਸ਼ੁਰੂਆਤ ਕੀਤੀ, ਜਿਸ ਉਤੇ 50 ਲੱਖ ਰੁਪਏ ਖਰਚ ਆਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਚੱਲਦੇ ਸਰਕਾਰ ਵੱਲੋਂ ਲਗਾਏ ਕਰਫਿਊ ਦੌਰਾਨ ਸ੍ਰੀ ਸੋਨੀ ਆਪਣੀ ਟੀਮ ਨਾਲ ਘਰ-ਘਰ ਰਾਸ਼ਨ ਅਤੇ ਲੰਗਰ ਵੀ ਪਹੁੰਚਾਉਂਦੇ ਰਹੇ ਹਨ।
ਸ੍ਰੀ ਸੋਨੀ ਨੇ ਟੱਕ ਲਗਾ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਅਤੇ ਦੱਸਿਆ ਕਿ ਭਾਵੇਂ ਕੋਵਿਡ-19 ਕਾਰਨ ਸਰਕਾਰ ਅੱਗੇ ਵੀ ਕਈ ਵੱਡੀਆਂ ਚੁਣੌਤੀਆਂ ਆ ਰਹੀਆਂ ਹਨ, ਪਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਰਾਜ ਦੀ ਸੁਰੱਖਿਆ ਅਤੇ ਵਿਕਾਸ ਲਈ ਦ੍ਰਿੜ ਹਨ ਅਤੇ ਉਨਾਂ ਦੀ ਇਹ ਇੱਛਾ ਸ਼ਕਤੀ ਹੀ ਰਾਜ ਨੂੰ ਦੁਬਾਰਾ ਖੁਸ਼ਹਾਲੀ ਦੀਆਂ ਲੀਹਾਂ ਵੱਲ ਲੈ ਕੇ ਆ ਰਹੀ ਹੈ। ਉਨਾਂ ਦੱਸਿਆ ਕਿ ਅੰਦਰੂਨੀ ਸ਼ਹਿਰ ਵਿਚ ਸਮਾਰਟ ਸਿਟੀ ਤੋਂ ਇਲਾਵਾ ਵੀ ਵੱਡੇ ਕੰਮ ਸਰਕਾਰ ਵੱਲੋਂ ਕਰਵਾਏ ਜਾ ਰਹੇ ਹਨ। ਇਸ ਮੌਕੇ ਕੌਸ਼ਲਰ ਸ੍ਰੀ ਵਿਕਾਸ ਸੋਨੀ, ਸ੍ਰੀ ਸਰਬਜੀਤ ਸਿੰਘ ਲਾਟੀ, ਐਸ. ਐਚ. ਓ ਸ. ਸੁਖਬੀਰ ਸਿੰਘ, ਸ੍ਰੀ ਸੁਰਿੰਦਰ ਕੁਮਾਰ ਸ਼ਿੰਦਾ, ਸ੍ਰੀ ਗੁਰਨਾਮ ਸਿੰਘ ਗਾਮਾ, ਸ੍ਰੀ ਸੋਨੂੰ ਭਾਟੀਆ, ਸ੍ਰੀ ਕਸ਼ਿਸ਼ ਸ਼ਰਮਾ, ਸ੍ਰੀ ਪ੍ਰਵੇਸ਼ ਚੋਪੜਾ, ਸ੍ਰੀ ਗੁਰਬਚਨ ਸਿੰਘ ਭੋਲਾ, ਸ੍ਰੀ ਪਵਨ ਸਨੀ, ਸ੍ਰੀ ਰਾਜੀਵ ਸਿੰਘ, ਸ੍ਰੀ ਅਸ਼ਵਨੀ ਕੁਮਾਰ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਸ੍ਰੀ ਸਰਬਜੀਤ ਸਿੰਘ ਲਾਟੀ ਨੇ ਵਾਰਡ ਨੰਬਰ 57 ਵਿਚ ਸ੍ਰੀ ਸੋਨੀ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਲਈ ਧੰਨਵਾਦ ਕਰਦੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸਾਨੂੰ ਆਪਣੇ ਇਲਾਕੇ ਦੇ ਵਿਕਾਸ ਲਈ ਕਦੇ ਕੋਈ ਸਮੱਸਿਆ ਨਹੀਂ ਆਈ ਤੇ ਸ੍ਰੀ ਸੋਨੀ ਨੇ ਆਵਾਜ਼ ਮਾਰ ਕੇ ਸਾਡੇ ਸਾਂਝੇ ਕੰਮ ਪੂਰੇ ਕੀਤੇ ਹਨ।