– ਪਹਿਲੀ ਪਲਾਜ਼ਮਾ ਥੈਰੇਪੀ ਨਾਲ ਕਰੋਨਾ ਮਰੀਜ਼ ਤੰਦਰੁਸਤ ਹੋਇਆ
– ਬਾਬਾ ਫਰੀਦ ਯੂਨੀਵਰਸਿਟੀ ਨੇ ਪਲਾਜ਼ਮਾ ਥੈਰੇਪੀ ਵਿਚ ਸਫਲਤਾ ਹਾਸਿਲ ਕਰਕੇ ਰਚਿਆ ਇਤਿਹਾਸ-ਡਾ ਰਾਜ ਬਹਾਦਰ
– ਆਉਣ ਵਾਲੇ ਸਮੇਂ ਵਿਚ ਹੋਰ ਕਰੋਨਾ ਮਰੀਜ਼ਾਂ ਦਾ ਪਲਾਜਮਾ ਥੈਰੇਪੀ ਨਾਲ ਹੋਵੇਗਾ ਇਲਾਜ
ਜੈਤੋ , 25 ਜੂਨ ( ਰਘੂਨੰਦਨ ਪਰਾਸ਼ਰ ) ਅੱਜ ਇਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋਂ ਪਲਾਜਮਾ ਥੈਰੇਪੀ ਨਾਲ ਠੀਕ ਹੋਏ ਪੰਜਾਬ ਦੇ ਪਹਿਲੇ ਕਰੋਨਾ ਮਰੀਜ਼ ਨੂੰ ਤੰਦਰੁਸਤ ਹੋਣ ਉਪਰੰਤ ਛੁੱਟੀ ਦਿੱਤੀ ਗਈ। ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਉਪ-ਕੁਲਪਤੀ ਡਾ ਰਾਜ ਬਹਾਦਰ, ਸਿਵਲ ਸਰਜਨ ਡਾ ਰਜਿੰਦਰ ਕੁਮਾਰ ਸਮੇਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੇ ਥੈਰੇਪੀ ਨੂੰ ਕਾਮਯਾਬ ਕਰਨ ਵਾਲਾ ਸਮੂਹ ਡਾਕਟਰੀ ਅਮਲਾ ਹਾਜ਼ਰ ਸੀ।
ਇਸ ਮੌਕੇ ਉਪ ਕੁਲਪਤੀ ਡਾ ਰਾਜ ਬਹਾਦਰ ਨੇ ਦੱਸਿਆ ਕਿ ਆਈ ਸੀ ਐਮ ਆਰ ਦੀ ਗਾਈਡੈਂਸ ਅਤੇ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਕਰੋਨਾ ਦੇ ਜ਼ਿਲ੍ਹੇ ਨਾਲ ਸਬੰਧਤ ਪਹਿਲਾ ਮਰੀਜ਼ ਜ਼ੋ ਕਿ ਤੰਦਰੁਸਤ ਹੋ ਚੁੱਕਾ ਸੀ ਦਾ ਪਲਾਜ਼ਮਾ ਲੈ ਕੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਕਰੋਨਾ ਮਰੀਜ ਓਮ ਕਾਂਤ ਦਾ ਪਲਾਜਮਾ ਥੈਰੇਪੀ ਨਾਲ ਇਲਾਜ ਕੀਤਾ ਗਿਆ ਅਤੇ ਮੈਡੀਕਲ ਕਾਲਜ ਦੇ ਸਟਾਫ ਦੀ ਮਿਹਨਤ ਸਦਕਾ ਮਰੀਜ਼ ਅੱਜ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਮਰੀਜ਼ ਤੇ ਪਲਾਜ਼ਮਾ ਥੈਰੇਪੀ ਦੀ ਸਫਲਤਾ ਨਾਲ ਹੁਣ ਅੱਗੇ ਹੋਰ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵੀ ਰਾਹ ਖੁਲੇਗਾ।