
ਮਾਨਸਾ 25 ਜੂਨ ( ਵਿਸ਼ਵ ਵਾਰਤਾ )-ਮਾਲਵਾ ਖੇਤਰ ਵਿਚ ਪ੍ਰੀ ਮਾਨਸੂਨ ਦੇ ਮੀਂਹ ਨੇ ਅੱਜ ਲਹਿਰਾਂ ਬਹਿਰਾਂ ਲਾ ਦਿੱਤੀਆਂ ਹਨ। ਜਿਹੜੇ ਕਿਸਾਨ ਕੁੱਝ ਦਿਨਾਂ ਤੋਂ ਮੀਂਹ ਦੇ ਉੱਚਾ ਚੜ੍ਹਨ ਕਾਰਨ ਝੋਨੇ ਲਾਉਣ ਤੋਂ ਰੁੱਕ ਗਏ ਸਨ,ਉਹ ਅੱਜ ਇਸ ਮੀਂਹ ਪੈਣ ਮਗਰੋਂ ਖੇਤਾਂ ਵਿਚ ਕੱਦੂ ਕਰਨ ਲਈ ਲੱਗੇ ਹੋਏ ਸਨ।
ਖੇਤੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫਸਲਾਂ ਸਮੇਤ ਸਬਜ਼ੀਆਂ ਅਤੇ ਪਸ਼ੂਆਂ ਦੇ ਹਰੇ ਚਾਰੇ ਲਈ ਬਹੁਤ ਲਾਭਦਾਇਕ ਦੱਸਿਆ ਹੈ। ਜ਼ਿਆਦਾ ਗਰਮੀ ਪੈਣ ਕਾਰਨ ਅਤੇ ਤੇਜ਼ ਧੁੱਪਾਂ ਸਦਕਾ ਜਿਹੜੀਆਂ ਫਸਲਾਂ ਦੇ ਕਈ ਦਿਨਾਂ ਤੋਂ ਘੁੰਡ ਮੁੜੇ ਪਏ ਸਨ,ਉਹ ਅੱਜ ਮੀਂਹ ਪਿਛੋਂ ਪੂਰੇ ਜਲੌਅ ਅਤੇ ਟੌਹਰਾਂ ਵਿਚ ਵਿਖਾਈ ਦਿੰਦੀਆਂ ਸਨ। ਅਨੇਕਾਂ ਖੇਤਾਂ ਵਿਚ ਅੱਜ ਕਿਸਾਨ ਯੂਰੀਆ ਖਾਦ ਖਿਲਾਰਦੇ ਵੇਖੇ ਗਏ।
ਇਸ ਮੀਂਹ ਨਾਲ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ ਅਤੇ ਬਿਜਲੀ ਦੀ ਵਰਤੋਂ ਵਿਚ ਵੀ ਕਮੀ ਆਵੇਗੀ।






















