ਆਸਟਰੇਲੀਆ 21 ਜੂਨ ( ਗੁਰਪੁਨੀਤ ਸਿੱਧੂ )- ਇਪਸਾ ਵੱਲੋਂ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਬ੍ਰਿਸਬੇਨ, ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟਰੇਲੀਆ ਵੱਲੋਂ ਪੰਜਾਬੀ ਸਾਹਿਤ ਦੇ ਸਰਬਾਂਗੀ ਲੇਖਕ ਸੰਤੋਖ ਸਿੰਘ ਧੀਰ ਦੇ ਸੌਵੇਂ ਜਨਮ ਵਰ੍ਹੇ ਨੂੰ ਸਮਰਪਿਤ ਹੋ ਰਹੇ ਸਮਾਗਮਾਂ ਦੀ ਲੜੀ ਤਹਿਤ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਸਥਾਨਿਕ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਵਰ੍ਹਾ ਸਮਾਗਮ ਕਮੇਟੀ ਦੇ ਆਸਟਰੇਲੀਆ ਤੋਂ ਮੈਂਬਰ ਸਰਬਜੀਤ ਸੋਹੀ ਨੇ ਉਪਰੋਕਤ ਸਮਾਗਮ ਦੀ ਰੂਪ-ਰੇਖਾ ਤਿਆਰ ਕਰਦਿਆਂ ਹਾਜ਼ਰੀਨ ਦੀ ਗਿਣਤੀ ਨੂੰ ਕਰੋਨਾ ਸੰਕਟ ਕਾਰਨ ਪੈਦਾ ਹੋਈਆਂ ਸਥਿਤੀਆਂ ਕਾਰਨ ਸਰਕਾਰੀ ਹਦਾਇਤਾਂ ਮੁਤਾਬਕ ਸਿਰਫ 20 ਤੱਕ ਸੀਮਤ ਰੱਖਿਆ ਗਿਆ। ਸਮਾਗਮ ਦੀ ਸ਼ੁਰੂਆਤ ਸੰਤੋਖ ਸਿੰਘ ਧੀਰ ਦੇ ਜੀਵਨ ਵੇਰਵੇ ਅਤੇ ਉਨ੍ਹਾਂ ਦੀਆਂ ਸਮੁੱਚੀਆਂ ਸਾਹਿਤਕ ਕ੍ਰਿਤਾਂ ਦੇ ਵੇਰਵਾ ਨਾਲ ਹੋਈ। ਇਸ ਉਪਰੰਤ ਇਪਸਾ ਦੇ ਕੋਆਰਡੀਨੇਟਰ ਮਨਜੀਤ ਬੋਪਾਰਾਏ ਨੇ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਵਰ੍ਹੇ ਤੇ ਸਮੁੱਚੇ ਸਾਹਿਤਕ ਜਗਤ ਨੂੰ ਮੁਬਾਰਕਬਾਦ ਦਿੱਤੀ ਅਤੇ ਧੀਰ ਸਾਬ ਦੇ ਸਾਹਿਤਕ ਯੋਗਦਾਨ ਲਈ ਉਹਨਾਂ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਅਰਪਿਤ ਕੀਤੀ। ਯੁਵਾ ਪੰਜਾਬੀ ਸ਼ਾਇਰ ਅਤੇ ਇਪਸਾ ਦੇ ਮੀਤ ਪ੍ਰਧਾਨ ਰੁਪਿੰਦਰ ਸੋਜ਼ ਨੇ ਸੰਤੋਖ ਸਿੰਘ ਧੀਰ ਦੁਆਰਾ ਆਪਣੇ ਭਰਾ ਰਿਪਦੁਮਨ ਸਿੰਘ ਨੂੰ ਇੰਗਲੈਂਡ ਫੇਰੀ ਦੌਰਾਨ ਲਿਖੀਆਂ ਚਿੱਠੀਆਂ ਤੇ ਅਧਾਰਤ ਕਿਤਾਬ ‘ਜਿਵੇਂ ਰਾਮ ਨੂੰ ਲਛਮਨ’ ਬਾਰੇ ਸ੍ਰੋਤਿਆਂ ਨਾਲ ਚਿੱਠੀਆਂ ਦੇ ਵਾਰਤਾਲਾਪ ਅਤੇ ਹੋਰ ਦਿਲਚਸਪ ਜਾਣਕਾਰੀ ਸਾਂਝੀ ਕੀਤੀ।
ਇਸ ਉਪਰੰਤ ਕਵੀ ਦਰਬਾਰ ਵਿੱਚ ਕਵਿਤਾਵਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਜਸਵੰਤ ਵਾਗਲਾ ਨੇ ਖ਼ੂਬਸੂਰਤ ਗ਼ਜ਼ਲ ਪੇਸ਼ ਕੀਤੀ। ਉਭਰਦੇ ਗਾਇਕ ਮੀਤ ਮਲਕੀਤ ਨੇ ਸੰਤੋਖ ਸਿੰਘ ਧੀਰ ਦੀ ਰਚਨਾ ‘ਦੇਸ ਤੇਰਾ’ ਤਰੰਨਮ ਵਿੱਚ ਪੇਸ਼ ਕੀਤੀ ਅਤੇ ਦਲਵੀਰ ਹਲਵਾਰਵੀ ਵੱਲੋਂ ਧੀਰ ਦੀ ਚਰਚਿਤ ਕਵਿਤਾ ‘ਨਾਨਕ’ ਨਾਲ ਆਪਣੀ ਹਾਜ਼ਰੀ ਲਵਾਈ ਗਈ। ਸੁਖਨੈਬ ਨੇ ਸੰਤੋਖ ਸਿੰਘ ਧੀਰ ਦੀ ਖ਼ੂਬਸੂਰਤ ਕਵਿਤਾ ‘ਮੀਆਂ’ ਨਾਲ ਸ੍ਰੋਤਿਆਂ ਨੂੰ ਝੂੰਮਣ ਲਾ ਦਿੱਤਾ। ਮਹਿਮਾਨ ਲੇਖਕ ਅਸ਼ੋਕ ਟਾਂਡੀ ਨੇ ਧੀਰ ਸਾਬ ਨੂੰ ਆਪਣੇ ਸ਼ਬਦਾਂ ਵਿੱਚ ਸਤਿਕਾਰ ਭੇਂਟ ਕੀਤਾ ਅਤੇ ਦੋ ਕਵਿਤਾਵਾਂ ਨਾਲ ਸਟੇਜ ਤੇ ਹਾਜ਼ਰੀ ਲਵਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਬਾਸੀ, ਮੀਤ ਪ੍ਰਧਾਨ ਪਾਲ ਰਾਊਕੇ, ਤਜਿੰਦਰ ਭੰਗੂ, ਬਲਵਿੰਦਰ ਕੌਰ ਵਿਰਕ, ਰਣਜੀਤ ਸਿੰਘ ਵਿਰਕ, ਲਖਵਿੰਦਰ ਸਿੰਘ ਤੱਲ੍ਹਣ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਨੇ ਬਾਖੂਬੀ ਨਾਲ ਨਿਭਾਈ। ਇੰਡੋਜ਼ ਦੇ ਸਾਬਕਾ ਚੇਅਰਮੈਨ ਅਤੇ ਜੀ ਐਨ ਐੱਸ ਟੀ ਦੇ ਮੌਜੂਦਾ ਪ੍ਰਧਾਨ ਅਮਰਜੀਤ ਸਿੰਘ ਮਾਹਲ ਨੇ ਆਪਣਾ ਸੰਦੇਸ਼ ਭੇਜਦਿਆਂ ਸੰਤੋਖ ਸਿੰਘ ਧੀਰ ਨੂੰ ਸਜਦਾ ਕੀਤਾ ਅਤੇ ਕਿਹਾ ਕਿ ਧੀਰ ਸਾਬ ਦਾ ਪੋਰਟਰੇਟ ਇੰਡੋਜ਼ ਪੰਜਾਬੀ ਲਾਇਬਰੇਰੀ ਵਿਖੇ ਪੰਜਾਬੀ ਸਾਹਿਤ ਦੀਆਂ ਹੋਰ ਮਰਹੂਮ ਹਸਤੀਆਂ ਨਾਲ ਲਾਇਆ ਜਾਏਗਾ।