ਨਵਾਂਸ਼ਹਿਰ, 19 ਜੂਨ ( ਵਿਸ਼ਵ ਵਾਰਤਾ )-:
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਪਾਸੋਂ ਕੋਵਿਡ-19 ਦੌਰਾਨ ਬੇਰੋਜ਼ਗਾਰ ਹੋਏ ਵਿਅਕਤੀਆਂ/ਪ੍ਰਵਾਸੀ ਮਜ਼ਦੂਰਾਂ ਦੇ ਮੁੜ ਵਸੇਬੇ ਸਬੰਧੀ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਢੁਕਵੇਂ ਪ੍ਰਬੰਧ ਕਰਨ ਲਈ ਆਖਿਆ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਨ੍ਹਾਂ ਸਾਰੇ ਵਿਭਾਗਾਂ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਇਨ੍ਹਾਂ ਵਿਅਕਤੀਆਂ/ਪ੍ਰਵਾਸੀ ਮਜ਼ਦੂਰਾਂ ਦੀ ਸੂਚੀ ਅਤੇ ਉਨ੍ਹਾਂ ਦੀ ਮੰਗ ਮੁਤਾਬਿਕ ਰੋਜ਼ਗਾਰ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਨੇ ਸਹਾਇਕ ਲੇਬਰ ਕਮਿਸ਼ਨਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ, ਮਾਰਕੀਟ ਕਮੇਟੀ, ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਅਤੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਖੇਤੀਬਾੜੀ/ਉਸਾਰੀ ਗਤੀਵਿਧੀਆਂ/ਭੱਠਿਆਂ ’ਚ ਗੈਰ-ਸਾਖ਼ਰ ਇੱਕ-ਇੱਕ ਹਜ਼ਾਰ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਨ ਲਈ ਆਖਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਉਦਯੋਗ ਕੇਂਦਰ ਮੁੱਖ ਖੇਤੀਬਾੜੀ ਅਫ਼ਸਰ, ਸਹਾਇਕ ਕਿਰਤ ਕਮਿਸ਼ਨਰ, ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ, ਸਹਾਇਕ ਕਮਿਸ਼ਨਰ (ਫੂਡ) ਅਤੇ ਮਾਰਕੀਟ ਕਮੇਟੀ ਨੂੰ ਇੱਕ-ਇੱਕ ਹਜ਼ਾਰ ਦੀ ਪਲੇਸਮੈਂਟ ਦੀ ਤਜ਼ਵੀਜ ਉਪਰੋਕਤ ਵਿਅਕਤੀਆਂ ਵਾਸਤੇ ਵੱਖ ਵੱਖ ਵਪਾਰਿਕ ਅਦਾਰਿਆਂ ਰਾਹੀਂ ਤਿਆਰ ਕਰਨ ਲਈ ਕਿਹਾ। ਇਸ ਤੋਂ ਇਲਾਵਾ ਇਹ ਸਾਰੀਆਂ ਤਜ਼ਵੀਜਾਂ ਉਨ੍ਹਾਂ ਨੂੰ ਦਿੱਤੇ ਗਏ ਪੋਰਟਲ ’ਤੇ ਪਾਉਣ ਲਈ ਵੀ ਕਿਹਾ ਗਿਆ।
ਉਨ੍ਹਾਂ ਨੇ ਦੂਸਰੇ ਪੜਾਅ ’ਚ ਪੜ੍ਹੇ-ਲਿਖੇ ਡਿਗਰੀ ਧਾਰਕਾਂ/ਅਰਧ ਸਾਖ਼ਰ ਬਾਰਵੀਂ ਪਾਸ ਜਾਂ ਅਜਿਹੇ ਹੋਰ ਵਾਸਤੇ ਪੰਜਾਬ ਸਕਿੱਲ ਡਿਵੈਪਲਮੈਂਟ ਮਿਸ਼ਨ ਅਤੇ ਸੀ.ਐਸ.ਸੀ. (ਪੇਂਡੂ ਸੇਵਾ ਕੇਂਦਰ) ’ਚ 500-500 ਦੀ ਰੋਜ਼ਗਾਰ ਰਜਿਸਟੇ੍ਰਸ਼ਨ ਲਈ ਆਖਿਆ।ਇਸੇ ਵਰਗ ਲਈ ਜ਼ਿਲ੍ਹਾ ਉਦਯੋਗ ਕੇਂਦਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਫ਼ਸਰ, ਸਹਾਇਕ ਕਮਿਸ਼ਨਰ ਫੂਡ ਅਤੇ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਨੂੰ 200-200 ਪ੍ਰਾਰਥੀਆਂ ਦੀ ਪਲੇਸਮੈਂਟ ਦੀਆਂ ਤਜ਼ਵੀਜਾਂ ਤਿਆਰ ਕਰਕੇ ਦੇਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਨੂੰ ਪਰਮ ਅਗੇਤ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਕੋਵਿਡ-19 ਕਾਰਨ ਪ੍ਰਭਾਵਿਤ ਹੋਈ ਆਰਥਿਕਤਾ ਨੂੰ ਮੁੜ ਤੋਂ ਲੀਹ ’ਤੇ ਪਾਉਣ ਲਈ ਸਾਨੂੰ ਟੀਚੇ ਮਿੱਥ ਕੇ ਕੰਮ ਕਰਨਾ ਪਵੇਗਾ ਤਾਂ ਜੋ ਜਿਥੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲ ਸਕੇ, ਉਥੇ ਕਾਰੋਬਾਰਾਂ ਨੂੰ ਵੀ ਹੁਲਾਰਾ ਮਿਲ ਸਕੇ। ਉਨ੍ਹਾਂ ਨੇ ਇਸ ਮੌਕੇ ਐਸ.ਸੀ., ਬੀ.ਸੀ. ਕਾਰਪੋਰੇਸ਼ਨਾਂ, ਜ਼ਿਲ੍ਹਾ ਉਦਯੋਗ ਕੇਂਦਰ, ਖਾਦੀ ਬੋਰਡ, ਲੀਡ ਬੈਂਕ ਨੂੰ ਵੱਧ ਤੋਂ ਵੱਧ ਸਵੈ ਰੋਜ਼ਗਾਰ ਸਕੀਮਾਂ ਦੇ ਕੇਸ ਮਨਜ਼ੂਰ ਕਰਨ ਲਈ ਵੀ ਕਿਹਾ।





















