ਨਵਾਂਸ਼ਹਿਰ, 18 ਜੂਨ(ਵਿਸ਼ਵਵਾਰਤਾ):
ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਅੱਜ ਆਪਣੇ ਦਫ਼ਤਰ ਵਿਖੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੂੰ ਮਿਸ਼ਨ ਫ਼ਤਿਹ ਦੇ ਬੈਜ ਲਾ ਕੇ ਕੋਰੋਨਾ ਯੋਧਿਆਂ ਵਜੋਂ ਸਨਮਾਨਿਤ ਕੀਤਾ।
ਉਨ੍ਹਾਂ ਇਨ੍ਹਾਂ ਕੋਰੋਨਾ ਯੋਧਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਹ ਯੋਧੇ ਹਨ, ਜਿਨ੍ਹਾਂ ਬਿਮਾਰੀ ਤੋਂ ਨਾ ਡਰਦੇ ਹੋਏ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਉਨ੍ਹਾਂ ਕਿਹਾ ਕਿ ਜਦੋਂ ਹਰ ਵਿਅਕਤੀ ਦੇ ਮਨ ’ਚ ਕਿਸੇ ਵੀ ਵਸਤੂ ਨੂੰ ਛੋਹਣ ’ਤੇ ਕੋਰੋਨਾ ਤੋਂ ਪੀੜਤ ਹੋਣ ਦਾ ਡਰ ਸੀ, ਉਸ ਵੇਲੇ ਇਹ ਯੋਧੇ ਹਰੇਕ ਘਰ ’ਚੋਂ ਕੂੜਾ ਇਕੱਠਾ ਕਰਨ ਦੀ ਡਿਊਟੀ ਬੜੀ ਨਿਰੰਤਰਤਾ ਨਾਲ ਨਿਭਾਅ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਦੀ ਤਰਫ਼ੋਂ ਇਨ੍ਹਾਂ ਕਰਮੀਆਂ ਨੂੰ ਕੋਰੋਨਾ ਯੋਧੇ ਵਜੋਂ ਸਨਮਾਨਿਤ ਕਰਕੇ ਉਹ ਖੁਦ ਵੀ ਬੜੀ ਖੁਸ਼ੀ ਮਹਿਸੂਸ ਕਰ ਰਹੇ ਸਨ।
ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਮਿਸ਼ਨ ਫਤਿਹ ਦਾ ਮੰਤਵ ਹਰ ਉਸ ਯੋਧੇ ਦਾ ਸਨਮਾਨ ਕਰਨਾ ਹੈ, ਜੋ ਇਸ ਸੰਕਟ ਦੀ ਘੜੀ ’ਚ ਮੋਹਰਲੀ ਕਤਾਰ ’ਚ ਆ ਕੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਮਿਸ਼ਨ ਫ਼ਤਿਹ ਰਾਹੀਂ ਹਰੇਕ ਵਿਅਕਤੀ ਨੂੰ ਇਸ ਗੱਲ ਲਈ ਵੀ ਜਾਗਰੂਕ ਕਰਨਾ ਹੈ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਸਾਵਧਾਨੀਆਂ ਨੂੰ ਅਪਣਾਵੇ ਅਤੇ ਆਪਣੇ ਆਪ ਨੂੰ ਤੇ ਅਪਣੇ ਪਰਿਵਾਰ ਨੂੰ ਇਸ ਬਿਮਾਰੀ ਦੀ ਲਾਗ ਤੋਂ ਬਚਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਵੀ ਮੌਜੂਦ ਸਨ।





















