ਹਰੇਕ ਘਰ ਦੇ ਬਾਹਰ ਲੱਗਾ ਸਟਿੱਕਰ ਲੋਕਾਂ ਨੂੰ ਹੱਥ ਧੋਣ, ਮਾਸਕ ਪਾਉਣ ਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਕਰਵਾਏਗਾ ਯਾਦ
ਆਸ਼ਾ ਵਰਕਰਾਂ ਵੱਲੋਂ ਕੋਰਨਾ ਯੋਧੇ ਬਣ ਕੇ ਜ਼ਿਲ੍ਹੇ ਦੇ ਹਰ ਘਰ ’ਚ ਪਹੁੰਚਾਇਆ ਜਾਵੇਗਾ ਇਹ ਸੁਨੇਹਾ
ਨਵਾਂਸ਼ਹਿਰ, 17 ਜੂਨ ( ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਅੱਜ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ’ਚ ਕੋਰੋਨਾ ’ਤੇ ਫ਼ਤਿਹ ਪਾਉਣ ਲਈ ਨਵਾਂਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਤੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੁਹਿੰਮ ਤਹਿਤ ਹਰੇਕ ਘਰ ਦੇ ਬਾਹਰ ਆਸ਼ਾ ਵਰਕਰਾਂ ਰਾਹੀਂ ਮਿਸ਼ਨ ਫ਼ਤਿਹ ਦਾ ਲਾਇਆ ਗਿਆ ਸਟਿੱਕਰ ਲੋਕਾਂ ਨੂੰ ਹੱਥ ਧੋਣ, ਮਾਸਕ ਪਾਉਣ ਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਯਾਦ ਕਰਵਾਏਗਾ। ਇਸ ਦੇ ਨਾਲ ਹੀ ਇਸ ਸਟਿੱਕਰ ’ਤੇ ਜ਼ਿਲ੍ਹਾ ਕੋਵਿਡ ਕੰਟਰੋਲ ਰੂਮ ਦੇ ਫ਼ੋਨ ਨੰਬਰ 01823-227470, 227471 ਦਿੱਤੇ ਗਏ ਹਨ। ਮਿਸ਼ਨ ਫ਼ਤਿਹ ਨਾਲ ਜੁੜਨ ਲਈ ਫ਼ੋਨ ਨੰ. 94653-39933 ’ਤੇ ਮਿਸ ਕਾਲ ਦੇਣ ਲਈ ਵੀ ਦੱਸਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਖਿਆ ਕਿ ਆਪਣੇ ਘਰ ਦੇ ਬਾਹਰ ਲੱਗਾ ਸਟਿੱਕਰ ਦੇਖ ਕੇ ਹਰ ਨਾਗਰਿਕ ਕੋਵਿਡ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਯਾਦ ਰੱਖੇਗਾ ਅਤੇ ਅਜਿਹਾ ਹੋਣ ਬਾਅਦ ਜ਼ਿਲ੍ਹੇ ਨੂੰ ਕੋਰੋਨਾ ਤੋਂ ਮੁਕਤ ਕਰਨ ’ਚ ਹਰ ਇੱਕ ਦੀ ਭਾਗੀਦਾਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ’ਚ
ਕਲ੍ਹ ਆਂਗਨਵਾੜੀ ਵਰਕਰਾਂ ਰਾਹੀਂ ਹਰ ਘਰ ’ਚ ਕੋਰੋਨਾ ਤੋਂ ਖਬਰਦਾਰ ਰਹਿਣ ਦੀ ਦਸਤਕ ਦਿੱਤੀ ਗਈ, ਜਿਨ੍ਹਾਂ ’ਚ ਖਾਸ ਤੌਰ ’ਤੇ ਘਰ ਦੇ ਬਜ਼ੁਰਗਾਂ, 10 ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ’ਚ ਆਸ਼ਾ ਵਰਕਰਾਂ ਰਾਹੀਂ ਜਾਗਰੂਕਤਾ ਆਰੰਭਣ ਦੇ ਨਾਲ-ਨਾਲ ਪਿੰਡ-ਪਿੰਡ ਸਰਪੰਚਾਂ ਅਤੇ ਜੀ ਓ ਜੀਜ਼ ਰਾਹੀਂ ਮਿਸ਼ਨ ਫ਼ਤਿਹ ਤਹਿਤ ਵੀ ਇਹ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦਾ ਇੱਕੋ-ਇੱਕ ਮੰਤਵ ਲੋਕਾਂ ਨੂੰ ਬਿਮਾਰੀ ਪ੍ਰਤੀ ਖਬਰਦਾਰ ਕਰਕੇ, ਇਸ ਤੋਂ ਬਚਾਉਣਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਐਸ ਡੀ ਐਮ ਜਗਦੀਸ਼ ਸਿੰਘ ਜੌਹਲ, ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ, ਐਸ ਐਮ ਓ ਨਵਾਂਸ਼ਹਿਰ ਡਾ. ਹਰਵਿੰਦਰ ਸਿੰਘ, ਡਾ. ਸਤਿੰਦਰਪਾਲ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਗਤ ਰਾਮ, ਬੀ ਈ ਈ ਤਰਸੇਮ ਲਾਲ, ਐਲ ਐਚ ਵੀ ਬਲਵਿੰਦਰ ਕੌਰ, ਏ ਐਨ ਐਮ ਰਿੰਪੀ ਸਹੋਤਾ, ਆਸ਼ਾ ਵਰਕਰ ਕਾਂਤਾ ਦੇਵੀ ਅਤੇ ਕਮਲਜੀਤ ਕੌਰ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਮਿਸ਼ਨ ਫ਼ਤਿਹ ਪੰਜਾਬ ਤਹਿਤ ਗੁਰੂ ਤੇਗ ਬਹਾਦਰ ਨਗਰ ਨਵਾਂਸ਼ਹਿਰ ਵਿਖੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ।