
ਚੰਡੀਗੜ੍ਹ, 16 ਜੂਨ -ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਵਿਚੋਂ ਕੁੱਝ ਕਾਲਜਾਂ ਵਿਚ ਅੱਜ ਆਨਲਾਈਨ ਪ੍ਰੈਕਟੀਕਲ ਇਮਤਿਹਾਨਾਂ ਵਿਚ ਵਿਦਿਆਰਥੀਆਂ ਨੂੰ ਬੇਹੱਦ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਯੂਨੀਵਰਸਿਟੀ ਨਾਲ ਸੰਬੰਧਿਤ 2 ਨਿੱਜੀ ਕਾਲਜਾਂ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਫਾਰਮੇਸੀ ਨਾਲ ਸਬੰਧਿਤ ਪ੍ਰੈਕਟੀਕਲ ਚੱਲ ਰਹੇ ਹਨ, ਜੋਕਿ ਕਰੋਨਾ ਕਾਰਨ ਆਨਲਾਈਨ ਹੋ ਰਹੇ ਹਨ, ਪ੍ਰੰਤੂ 3 ਘੰਟੇ ਤੋਂ ਅਸੀਂ ਕਾਲਜ ਵੱਲੋਂ ਦੱਸੀ ਐਪ ਉੱਤੇ ਆਨਲਾਈਨ ਹਾਂ, ਪ੍ਰੰਤੂ ਪ੍ਰੈਕਟੀਕਲ ਲੈਣ ਲਈ ਅਧਿਆਪਕ ਹੀ ਉਪਲਬਧ ਨਹੀਂ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਸਵੇਰ ਸਵਾ 10 ਵਜੇ ਤੋਂ ਆਨਲਾਈਨ ਹਨ, ਪ੍ਰੰਤੂ ਅਧਿਆਪਕ ਉਪਲਬਧ ਨਾ ਹੋਣ ਕਾਰਨ ਹੁਣ ਸਾਨੂੰ ਆਖ ਦਿੱਤਾ ਗਿਆ ਹੈਕਿ ਪ੍ਰੈਕਟੀਕਲ ਬਾਅਦ ਦੁਪਹਿਰ ਹੋਣਗੇ। ਵਿਦਿਆਰਥੀਆਂ ਕਿਹਾ ਕਿ ਹੁਣ ਸਾਨੂੰ ਡਰ ਹੈ ਕਿ ਜੇ ਪ੍ਰੈਕਟੀਕਲ ਇਮਤਿਹਾਨਾਂ ਵਿਚ ਹੀ ਐਨੀ ਖੱਜਲ ਖੁਆਰੀ ਹੈ ਤਾਂ ਆਨਲਾਈਨ ਥਿਓਰੀ ਇਮਤਿਹਾਨਾਂ ਵਿਚ ਜੇ ਅਜਿਹਾ ਹੋਇਆ ਤਾਂ ਸਾਡੇ ਵੱਲੋਂ ਕੀਤੀ ਪੜ੍ਹਾਈ ਅਤੇ ਦਿੱਤੀਆਂ ਫੀਸਾਂ ਵਿਅਰਥ ਚਲੀਆਂ ਜਾਣਗੀਆਂ।





















