ਵਧੀਕ ਡਿਪਟੀ ਕਮਿਸ਼ਨਰ ਨੇ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦਿਖਾ ਕੀਤਾ ਰਵਾਨਾ
ਮਾਨਸਾ, 14 ਜੂਨ (ਵਿਸ਼ਵ ਵਾਰਤਾ )-ਕੋਰੋਨਾਵਾਇਰਸ ਦੇ ਪ੍ਰਭਾਵ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਈ ਰੱਖਣ ਦੇ ਮੰਤਵ ਨਾਲ ਮਾਨਸਾ ਪ੍ਰਸ਼ਾਸਨ ਵੱਲੋਂ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਅੱਜ 16 ਪ੍ਰਚਾਰ ਵੈਨਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਭੇਜਿਆ ਗਿਆ। ਇਨ੍ਹਾਂ ਪ੍ਰਚਾਰ ਵੈਨਾਂ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਸੁਖਪ੍ਰੀਤ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇਕੇ ਰਵਾਨਾ ਕੀਤਾ।
ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਿੱਧੂ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਵਿੱਚ 15 ਤੋਂ 21 ਜੂਨ ਤੱਕ ਜ਼ਮੀਨੀ ਗਤੀਵਿਧੀਆਂ ਸਪਤਾਹ ਮਨਾਇਆ ਜਾਵੇਗਾ,ਜਿਸ ਦਾ ਮੰਤਵ ਆਮ ਲੋਕਾਂ ਨੂੰ ਕੋਵਿਡ-19 ਦੀ ਚਪੇਟ ਵਿੱਚ ਆਉਣ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 16 ਪ੍ਰਚਾਰ ਵੈਨਾਂ ਵਿੱਚੋਂ ਨਗਰ ਕੌਂਸਲ ਮਾਨਸਾ,ਬੁਢਲਾਡਾ ਅਤੇ ਬਰੇਟਾ ਲਈ 2-2 ਵੈਨਾਂ ਸ਼ਹਿਰੀ ਇਲਾਕਿਆਂ ਵਿੱਚ ਪ੍ਰਚਾਰ ਕਰਨ ਅਤੇ ਜ਼ਿਲ੍ਹੇ ਦੇ 5 ਬਲਾਕਾਂ ਮਾਨਸਾ,ਸਰਦੂਲਗੜ੍ਹ,ਬੁਢਲਾਡਾ,ਝੁਨੀਰ ਅਤੇ ਜੋਗਾ ਬਲਾਕ ਵਿੱਚ 2-2 ਵੈਨਾਂ ਪੇਂਡੂ ਖੇਤਰ ਵਿੱਚ ਪ੍ਰਚਾਰ ਲਈ ਭੇਜੀਆਂ ਗਈਆਂ ਹਨ,ਜੋ ਲੋਕਾਂ ਨੂੰ ਮਾਸਕ ਪਹਿਨਣ,ਆਪਣੇ ਹੱਥਾਂ ਨੂੰ ਸਾਫ਼ ਰੱਖਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਕਰਨਗੀਆਂ।
ਉਨ੍ਹਾਂ ਦੱਸਿਆ ਕਿ 15 ਜੂਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੋਵਲ ਕੋਰੋਲਾ ਵਾਇਰਸ ਦੇ ਚੱਲਦਿਆਂ ਮੁਹਰਲੀ ਕਤਾਰ ਵਿੱਚ ਖੜ੍ਹੇ ਰਹਿਣ ਵਾਲੇ ਕੋਰੋਨਾ ਯੋਧਿਆਂ ਨੂੰ ਸਰਕਾਰ ਵਲੋਂ ਮਿਸ਼ਨ ਫ਼ਤਿਹ ਦਾ ਬੈਜ ਲਗਾਇਆ ਜਾਵੇਗਾ। ਕੋਰੋਨਾ ਯੋਧਿਆਂ ਵਲੋਂ ਇਹ ਬੈਜ ਲਗਾਕੇ ਅਤੇ ਮਾਸਕ ਪਾਕੇ ਆਪਣੀ ਸੈਲਫ਼ੀ ਖਿੱਚਕੇ ਕੋਵਾ ਐਪ ‘ਤੇ ਅਪਲੋਡ ਕੀਤੀ ਜਾਵੇਗੀ। ਇਸ ਉਪਰੰਤ 16 ਜੂਨ ਨੂੰ ਆਂਗਨਵਾੜੀ ਵਰਕਰਾਂ ਵਲੋਂ ਬੈਜ ਲਗਾਕੇ ਆਂਗਨਵਾੜੀਆਂ ਵਿੱਚ ਆਉਣ ਵਾਲੇ ਬੱਚਿਆਂ ਦੇ ਘਰਾਂ ਦਾ ਦੌਰਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 17 ਜੂਨ ਨੂੰ ਪਿੰਡਾਂ ਦੇ ਸਰਪੰਚਾਂ ਵਲੋਂ ਬੈਜ ਲਗਾਕੇ ਪਿੰਡ ਦੇ ਲੋਕਾਂ ਨੂੰ ਮਿਲਿਆ ਜਾਵੇਗਾ ਅਤੇ 18 ਜੂਨ ਨੂੰ ਜ਼ਿਲ੍ਹੇ ਵਿੱਚ ਮੁੜ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਜਦੋਂ ਕਿ 19 ਜੂਨ ਨੂੰ ਜ਼ਿਲ੍ਹੇ ਦੀਆਂ ਐਨ.ਜੀ.ਓਜ਼. ਵਲੋਂ ਬੈਜ ਲਗਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।