
ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਲੱਗੇ ਪਲਾਂਟ ਵੱਲੋਂ ਦਿੱਤੀ ਜਾ ਰਹੀ ਹੈ 1076 ਮੈਗਾਵਾਟ ਬਿਜਲੀ
ਮਾਨਸਾ, 12 ਜੂਨ ਵਿਸ਼ਵ ਵਾਰਤਾ )-ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਲੱਗੇ ਉਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਪਲਾਂਟ (ਟੀ.ਐਸ.ਪੀ.ਐਲ) ਵੱਲੋਂ ਇਸ ਵੇਲੇ ਪੰਜਾਬ ਲਈ ਸਭ ਤੋਂ ਵੱਧ ਬਿਜਲੀ ਸਪਲਾਈ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਹੁਣ ਜਦੋਂ 10 ਜੂਨ ਤੋਂ ਪੰਜਾਬ ਦੇ ਕਿਸਾਨਾਂ ਨੂੰ ਅੱਠ ਘੰਟੇ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਦੇਣੀ ਸ਼ੁਰੂ ਕੀਤੀ ਗਈ ਹੈ ਤਾਂ ਇਸ ਪਲਾਂਟ ਵੱਲੋਂ ਸਭ ਤੋਂ ਵੱਧ 1076 ਮੈਗਾਵਾਟ ਬਿਜਲੀ ਦੇਣ ਦੀ ਇਕ ਸੂਚਨਾ ਪ੍ਰਾਪਤ ਹੋਈ ਹੈ। ਇਸ ਤਾਪ ਘਰ ਦੇ ਇਸ ਵੇਲੇ ਤਿੰਨੋ ਯੂਨਿਟ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੱਸੀ ਗਈ ਹੈ।
ਪ੍ਰਾਪਤ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਜ਼ਿਲ੍ਹੇ ਵਿਚਲੇ ਤਲਵੰਡੀ ਸਾਬੋ ਪਾਵਰ ਪਲਾਟ ਵੱਲੋਂ ਇਸ ਵੇਲੇ 1076 ਮੈਗਾਵਾਟ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਦੇ ਯੂਨਿਟ ਨੰਬਰ 1 ਵੱਲੋਂ 400 ਮੈਗਾਵਾਟ, ਯੂਨਿਟ ਨੰਬਰ 2 ਵੱਲੋਂ 356 ਮੈਗਾਵਾਟ ਅਤੇ ਯੂਨਿਟ ਨੰਬਰ 3 ਵੱਲੋਂ 320 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਹੀ ਹੈ। ਟੀਐਸਪੀਅਲ ਦੇ ਸੀ.ਈ.ਓ ਵਿਕਾਸ ਸ਼ਰਮਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਦੇ ਹਿੱਤਾਂ ਲਈ ਤਾਪ ਘਰ ਵੱਲੋਂ ਹਮੇਸ਼ਾ ਉਪਰਾਲੇ ਕੀਤੇ ਜਾਂਦੇ ਰਹੇ ਹਨ ਅਤੇ ਇਸ ਵਾਰ ਵੀ ਝੋਨੇ ਦੇ ਸੀਜ਼ਨ ਵਿੱਚ ਪੰਜਾਬ ਸਰਕਾਰ ਦੀ ਮੰਗ ਮੁਤਾਬਕ ਲੋੜੀਂਦੀ ਬਿਜਲੀ ਬਕਾਇਦਾ ਸਪਲਾਈ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੇਸ਼ ਦੇ ਚਾਵਲ ਭੰਡਾਰ ਵਿੱਚ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੱਡਮੁੱਲਾ ਯੋਗਦਾਨ ਪਾ ਸਕੇ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਵੇਲੇ ਰਾਜਪੁਰਾ ਸਥਿਤ ਐਲ.ਐਡ.ਟੀ ਦੇ ਪਲਾਂਟ ਦੇ ਦੋਨੇ ਯੂਨਿਟਾਂ ਵੱਲੋਂ 875 ਮੈਗਾਵਾਟ ਬਿਜਲੀ ਦਿੱਤੀ ਜਾ ਰਹੀ ਹੈ, ਇਹ ਪਲਾਂਟ 1320 ਮੈਗਾਵਾਟ ਦਾ ਹੈ ਅਤੇ ਇਸ ਦੇ ਦੋਨੋਂ ਯੂਨਿਟ 449 ਅਤੇ 426 ਮੈਗਾਵਾਟ ਬਿਜਲੀ ਦੇ ਰਹੇ ਹਨ।
ਇਸੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ) ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਕੋਲ ਬਿਜਲੀ ਸਮੱਸਿਆ ਨਾਲ ਨਜਿੱਠਣ ਲਈ ਇਸ ਵੇਲੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੱਸਿਆ ਦੇ ਇਕਦਮ ਖੜ੍ਹਾ ਹੋਣ ਨਾਲ ਅਕਸਰ ਲੋਕਾਂ ਨੂੰ ਤਕਲੀਫ ਤਾਂ ਹੁੰਦੀ ਹੈ,ਪਰ ਪਾਵਰਕੌਮ ਕੋਲ ਅਜਿਹੀਆਂ ਤਕਲੀਫਾਂ ਦਾ ਬਦਲਵਾਂ ਬੰਦੋਬਸਤ ਹੈ। ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਵਲੋਂ ਵਪਾਰਕ, ਖੇਤੀਬਾੜੀ, ਘਰੇਲੂ ਅਤੇ ਹੋਰਨਾਂ ਖੇਤਰਾਂ ਲਈ ਲੋੜੀਂਦੀ ਬਿਜਲੀ ਲਈ ਪਹਿਲਾ ਹੀ ਵਿਆਪਕ ਬੰਦੋਬਸਤ ਕਰ ਲਏ ਗਏ ਹਨ, ਜਿਸ ਕਰਕੇ ਝੋਨੇ ਦੇ ਸੀਜਨ ਦੌਰਾਨ ਖਪਤਕਾਰਾਂ ਨੂੰ ਕੋਈ ਵੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ।





















