ਮੋਹਾਲੀ 24 ਮਈ – ਸਾਬਕਾ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਵਧਦੀਆਂ ਜਾਪਦੀਆਂ ਹਨ। ਆਈ.ਏ.ਐਸ. ਅਧਿਕਾਰੀ ਦੇ ਬੇਟੇ ਸ: ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਕੇ ਉਸਨੂੰ ਲਾਪਤਾ ਕਰ ਦੇਣ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ।
ਇਸ ਮਾਮਲੇ ਵਿਚ ਅਗਾਊਂ ਜ਼ਮਾਨਤ ਮਿਲਣ ਮਗਰੋਂ ਪੁਲਿਸ ਕੋਲ ਆਪਣਾ ਪਾਸਪੋਰਟ ਸਰੰਡਰ ਕਰ ਕੇ, 50 ਹਜ਼ਾਰ ਦਾ ਮੁਚੱਲਕਾ ਭਰ ਕੇ ਸ਼ਾਮਿਲ ਤਫ਼ਤੀਸ਼ ਹੋ ਚੁੱਕੇ ਸੁਮੇਧ ਸੈਣੀ ਦੇ ਵਿਰੁੱਧ ਮੋਹਾਲੀ ਦੇ ਥਾਣਾ ਮਟੌਰ ਵਿਚ ਸੰਗੀਨ ਧਾਰਾਵਾਂ ਹੇਠ ਦਰਜ ਮਾਮਲੇ ਵਿਚ ਹੁਣ ਕਿਸੇ ਵੇਲੇ ਸੁਮੇਧ ਸੈਣੀ ਦੇ ਖ਼ਾਸ ਰਹੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਉਰਫ਼ ਪਿੰਕੀ ਕੈਟ ਨੇ ਆਪਣੇ ਬਿਆਨ ਦਰਜ ਕਰਵਾਏ ਹਨ।
ਪਿੰਕੀ ਸਨਿਚਰਵਾਰ ਸਵੇਰੇ 10 ਵਜੇ ਹੀ ਮਟੌਰ ਥਾਣੇ ਵਿਚ ਪੁੱਜਾ ਅਤੇ ਐਸ.ਪੀ. ਇਨਵੈਸਟੀਗੇਸ਼ਨ ਸ: ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਵਾਲੀ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਇਆ।
ਸੂਤਰਾਂ ਅਨੁਸਾਰ ਪਿੰਕੀ ਨੇ ਐਸ.ਆਈ.ਟੀ. ਸਾਹਮਣੇ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ‘ਸਿਟਕੋ’ ਵਿਚ ਜੇ.ਈ. ਦੇ ਤੌਰ ’ਤੇ ਤਾਇਨਾਤ ਬਲਵੰਤ ਸਿੰਘ ਮੁਲਤਾਨੀ ਦੀ ਮੌਤ ਪੁਲਿਸ ਹਿਰਾਸਤ ਵਿਚ ਹੀ ਤਸ਼ੱਦਦ ਕੀਤੇ ਜਾਣ ਕਰਕੇ ਹੋਈ ਸੀ। ਪਿੰਕੀ ਤੋਂ ਇਹ ਪੁੱਛਗਿੱਛ ਲਗਪਗ 3 ਘੰਟੇ ਚੱਲੀ। ਜ਼ਿਕਰਯੋਗ ਹੈ ਕਿ ਉਸ ਵੇਲੇ ਸੁਮੇਧ ਸੈਣੀ ਚੰਡੀਗੜ੍ਹ ਦੇ ਐਸ.ਐਸ.ਪੀ. ਸਨ ਅਤੇ ਬਲਵੰਤ ਸਿੰਘ ਮੁਲਤਾਨੀ ਉਨ੍ਹਾਂ ਲੋਕਾਂ ਵਿਚ ਸ਼ਾਮਿਲ ਸੀ ਜਿਨ੍ਹਾਂ ਨੂੰ ਸੈਣੀ ’ਤੇ 1991 ਵਿਚ ਹੋਏ ਇਕ ਅਤਿਵਾਦੀ ਹਮਲੇ ਮਗਰੋਂ ਸ਼ੱਕ ਦੇ ਆਧਾਰ ’ਤੇ ਥਾਣੇ ਲਿਆਂਦਾ ਗਿਆ ਸੀ। ਮੁਲਤਾਨੀ ਉਸ ਤੋਂ ਮਗਰੋਂ ਲਾਪਤਾ ਹੋ ਗਿਆ ਸੀ। ਉਸ ਵੇਲੇ ਦੀ ਪੁਲਿਸ ਕਹਾਣੀ ਇਹ ਸੀ ਕਿ ਬਲਵੰਤ ਸਿੰਘ ਮੁਲਤਾਨੀ ਕਾਦੀਆਂ ਥਾਣੇ ਤੋਂ ਭੱਜ ਗਿਆ ਸੀ।
ਮਟੌਰ ਥਾਣੇ ਵਿਚ ਦਰਜ ਤਾਜ਼ਾ ਕੇਸ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਪਿੰਕੀ ਨੇ ਸੁਮੇਧ ਸੈਣੀ ਦੇ ਬਾਰੇ ਪਹਿਲਾਂ ਵੀ ਕਈ ਵਾਰ ਖ਼ੁਲਾਸੇ ਕੀਤੇ ਹਨ ਅਤੇ ਕੌਮੀ ਅੰਗਰੇਜ਼ੀ ਰਸਾਲੇ ‘ਆਊਟਲੁੱਕ’ ਵਿਚ ਉਸਦੀ ਇੰਟਰਵਿਊ ’ਤੇ ਆਧਾਰਿਤ ਲੇਖ਼ ‘ਕਨਫ਼ੈਸ਼ਨਜ਼ ਆਫ਼ ਏ ਕਿੱਲਰ ਕਾਪ’ ਵਿਚ ਵੀ ਉਸਨੇ ਸੈਣੀ ਖਿਲਾਫ਼ ਕਈ ‘ਤੱਥ’ ਸਾਹਮਣੇ ਰੱਖੇ ਸਨ।