-ਜਰੂਰਤਮੰਦਾਂ ਪ੍ਰਵਾਸੀਆਂ ਨੂੰ ਪਹਿਲ ਦੇ ਅਧਾਰ ‘ਤੇ ਵਾਪਸ ਘਰ ਭੇਜ ਰਹੀ ਹੈ ਪੰਜਾਬ ਸਰਕਾਰ-ਕੁਮਾਰ ਅਮਿਤ
-ਹੁਣ ਤੱਕ ਬਾਹਰਲੇ ਰਾਜਾਂ ਦੇ 11 ਹਜ਼ਾਰ ਵਸਨੀਕਾਂ ਨੂੰ ਉਨ੍ਹਾਂ ਦੇ ਘਰ ਭੇਜਿਆ-ਡਿਪਟੀ ਕਮਿਸ਼ਨਰ
ਪਟਿਆਲਾ, 14 ਮਈ ( ਵਿਸ਼ਵ ਵਾਰਤਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਪਟਿਆਲਾ ਜ਼ਿਲ੍ਹੇ ਵਿੱਚੋਂ 11 ਹਜ਼ਾਰ ਤੋਂ ਵਧੇਰੇ ਬਾਹਰਲੇ ਸੂਬਿਆਂ ਦੇ ਵਸਨੀਕਾਂ ਨੂੰ 8 ਰੇਲ ਗੱਡੀਆਂ ਅਤੇ ਬੱਸਾਂ ਆਦਿ ਰਾਹੀਂ ਆਪੋ ਆਪਣੇ ਘਰਾਂ ਨੂੰ ਵਾਪਸ ਭੇਜਿਆ ਹੈ। ਸ੍ਰੀ ਕੁਮਾਰ ਅਮਿਤ ਅੱਜ ਪਟਿਆਲਾ ਰੇਲਵੇ ਸਟੇਸ਼ਨ ਤੋਂ ਬਿਹਾਰ ਦੇ ਦਰਬੰਗਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਲੈਕੇ ਜਾਣ ਵਾਲੀ ਵਿਸ਼ੇਸ਼ ਰੇਲ ਗੱਡੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਰਾਜ ਅੰਦਰ ਦੇਸ਼ ਵਿਆਪੀ ਤਾਲਾਬੰਦੀ ਕਰਕੇ ਬਾਹਰਲੇ ਰਾਜਾਂ ਦੇ ਮਜ਼ਦੂਰਾਂ ਅਤੇ ਹੋਰ ਵਸਨੀਕਾਂ ਨੂੰ ਉਨ੍ਹਾਂ ਦੇ ਪਿਤਰੀ ਰਾਜਾਂ ਨੂੰ ਵਾਪਸ ਭੇਜਣ ਲਈ ਵਿਸ਼ੇਸ ਪਹਿਲਕਦਮੀ ਕੀਤੀ ਹੈ। ਜਿਸ ਤਹਿਤ ਪੰਜਾਬ ਸਰਕਾਰ ਨੇ ਇਨ੍ਹਾਂ ਵਿਅਕਤੀਆਂ ਲਈ ਮੁਫ਼ਤ ਰੇਲ ਟਿਕਟ ਸਮੇਤ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਬਾਹਰਲੇ ਰਾਜਾਂ ਦੇ 56 ਹਜ਼ਾਰ ਵਿਅਕਤੀਆਂ ਨੇ ਆਪਣੀ ਘਰ ਵਾਪਸੀ ਲਈ ਰਜਿਸਟਰੇਸ਼ਨ ਕਰਵਾਈ ਹੈ।
ਇਸ ਦੌਰਾਨ ਪਟਿਆਲਾ ਦੇ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀ ਵਿੱਚ ਬੈਠੇ ਯਾਤਰੀਆਂ ਸਚਿਤ, ਮੁਰਤਜਾ, ਕਲਿਆਣੀ ਦੇਵੀ, ਬੈਜੂ ਕੁਮਾਰ ਯਾਦਵ ਸਮੇਤ ਕਈ ਹੋਰਨਾਂ, ਜੋ ਕਿ ਪਟਿਆਲਾ ਜ਼ਿਲ੍ਹੇ ਵਿਖੇ ਮਿਹਨਤ ਮਜ਼ਦੂਰੀ ਕਰਨ ਆਏ ਹੋਏ ਸਨ, ਨੇ ਗੱਲਬਾਤ ਦੌਰਾਨ ਆਪਣੀ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਰੇਲਵੇ ਸਟੇਸ਼ਨ ‘ਤੇ ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਇਨਾਇਤ ਅਤੇ ਡਾ. ਇਸਮਤ ਵਿਜੇ ਸਿੰਘ, ਜਸਲੀਨ ਕੌਰ, ਸਟੇਸ਼ਨ ਸੁਪਰਡੈਂਟ ਅਜੀਤ ਸਿੰਘ ਚੀਮਾ, ਡੀ.ਐਸ.ਪੀ. (ਐਚ) ਪੁਨੀਤ ਸਿੰਘ ਚਹਿਲ ਸਮੇਤ ਹੋਰ ਅਧਿਕਾਰੀਆਂ ਨੇ ਯਾਤਰੀਆਂ ਦੀ ਮੈਡੀਕਲ ਸਕਰੀਨਿੰਗ, ਟਿਕਟਾਂ ਅਤੇ ਖਾਣਾ ਪਹੁੰਚਾਉਣ ਦੀ ਪ੍ਰਕ੍ਰਿਆ ਨੂੰ ਨੇਪਰੇ ਚੜ੍ਹਾਇਆ।