-ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾਵਾਂ ਰਾਹੀ ਰੋਜ਼ਾਨਾ ਲੋੜਾਂ ਦੀਆਂ ਵਸਤਾਂ ਪਹੁੰਚਾਈਆਂ
ਪਟਿਆਲਾ, 11 ਮਈ( ਵਿਸ਼ਵ ਵਾਰਤਾ)-ਸਹਿਕਾਰੀ ਸਭਾਵਾਂ, ਪਟਿਆਲਾ ਦੇ ਉਪ ਰਜਿਸਟਰਾਰ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰਲੀਆਂ ਸਹਿਕਾਰੀ ਸਭਾਵਾਂ ਵੱਲੋ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾਵਾਂ ਰਾਹੀ ਪਿੰਡਾਂ ਵਿੱਚ ਲੋਕਾਂ ਨੂੰ ਘਰ-ਘਰ ਜਾ ਕੇ ਮਾਰਕਫੈਡ ਦਾ ਹੁਣ ਤੱਕ ਕੁੱਲ 70 ਲੱਖ ਰੁਪਏ ਮੁੱਲ ਦਾ ਜਰੂਰੀ ਵਸਤਾਂ ਦਾ ਸਮਾਨ ਸਪਲਾਈ ਕੀਤਾ ਗਿਆ ਹੈ।
ਉਪ ਰਜਿਸਟਰਾਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਸਮੇਂ ਜਦੋਂ ਕਰਫਿਊ ਕਰਕੇ ਸਾਰੇ ਬਾਜ਼ਾਰ ਬੰਦ ਸਨ ਤਾਂ ਸਹਿਕਾਰੀ ਸਭਾਵਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡਾਂ ਦੇ ਵਸਨੀਕਾਂ ਨੂੰ ਲੋੜੀਂਦਾ ਰੋਜ਼ਾਨਾ ਵਰਤੋਂ ਦਾ ਸਮਾਨ ਘਰ-ਘਰ ਜਾ ਕੇ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸਰੋਂ ਦਾ ਤੇਲ, ਰਿਫਾਂਇਡ ਆਇਲ, ਵਨਸਪਤੀ ਘੀ, ਚੀਨੀ, ਚਾਹਪੱਤੀ, ਹਲਦੀ, ਲਾਲ ਮਿਰਚ, ਨਮਕ ਅਤੇ ਵੱਖ-ਵੱਖ ਕਿਸਮਾਂ ਦੀਆਂ ਦਾਲਾਂ ਆਦਿ ਸਾਮਲ ਹਨ।
ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਾਮਾਨ ਸਹਿਕਾਰੀ ਸਭਾਵਾਂ ਦੇ ਮੈਬਰਾਂ ਨੂੰ ਚੈਂਕ ਰਾਹੀ ਅਤੇ ਗੈਰ ਮੈਬਰਾਂ ਨੂੰ ਨਗਦੀ ਰਾਹੀ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਤਹਿਸਲੀ ਨਾਭਾ ਅਤੇ ਪਟਿਆਲਾ ਵਿਖੇ ਸਹਿਕਾਰੀ ਸਭਾਵਾਂ ਰਾਹੀ 20 ਰੁਪਏ ਪ੍ਰਤੀ ਮਾਸਕ ਦੇ ਹਿਸਾਬ ਨਾਲ ਕੁੱਲ 75000 ਰੁਪਏ ਦੇ ਮਾਸਕ ਵੀ ਵੰਡੇ ਗਏ ਹਨ।
ਉਪ ਰਜਿਸਟਰਾਰ ਨੇ ਦੱਸਿਆ ਕਿ ਇਸੇ ਤਰ੍ਹਾਂ ਸਾਉਣੀ ਦੇ ਖੇਤੀਬਾੜੀ ਸੀਜਨ ਦੀ ਆਮਦ ਤੋਂ ਪਹਿਲਾਂ ਜਿਲੇ ਦੀਆਂ ਸਮੂਹ ਸਹਿਕਾਰੀ ਸਭਾਵਾਂ ਵਿਚ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੀ ਸਪਲਾਈ ਸੰਬੰਧੀ ਜਰੂਰੀ ਹਦਾਇਤਾਂ ਕੀਤੀਆਂ ਜਾ ਚੁਕੀਆਂ ਤਾਂ ਜੋ ਸੀਜ਼ਨ ਵਿਚ ਖਾਦ ਦੀ ਸਪਲਾਈ ਨੂੰ ਲੈ ਕੇ ਕਿਸੇ ਕਿਸਮ ਦੀ ਔਕੜ ਨਾ ਆਵੇ।
ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਵੱਲੋ ਇਸ ਕੰਮ ਨੂੰ ਨੇਪੜੇ ਚਾੜਣ ਸਮੇ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਸਬੰਧੀ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ, ਜਿਸ ਦੀ ਪਿੰਡਾਂ ਦੇ ਵਸਨੀਕਾਂ ਵੱਲੋਂ ਸ਼ਲਾਘਾ ਵੀ ਕੀਤੀ ਗਈ ਹੈ।