ਅੰਮ੍ਰਿਤਸਰ ਕੇਂਦਰੀ ਹਲਕੇ ਦੇ 750 ਪਰਿਵਾਰਾਂ ਲਈ ਪੰਜ ਟਰੱਕ ਰਾਸ਼ਨ ਭੇਜਿਆ
ਅੰਮ੍ਰਿਤਸਰ, 10 ਮਈ ( ਵਿਸ਼ਵ ਵਾਰਤਾ)-ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਦੱਸਿਆ ਹੈ ਕਿ ਪੰਜਾਬ ਮੈਡੀਕਲ ਕੌਂਸਲ, ਆਯੁਰਵੇਦ ਅਤੇ ਯੂਨਾਨੀ ਬੋਰਡ, ਪੰਜਾਬ ਡੈਂਟਲ ਕੌਂਸਲ, ਪੰਜਾਬ ਫਾਰਮੇਸੀ ਕੌਂਸਲ ਅਤੇ ਪੰਜਾਬ ਨਰਸਿੰਗ ਕੌਂਸਲ ਵੱਲੋਂ ਬੀਤੇ ਦਿਨੀਂ ਦੋ ਕਰੋੜ ਰੁਪਏ ਦਾ ਚੈਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਵਿਡ 19 ਦੇ ਟਾਕਰੇ ਲਈ ਸੌਂਪਿਆ ਗਿਆ ਹੈ। ਉਨਾਂ ਦੱਸਿਆ ਕਿ ਜਿਸ ਤਰਾਂ ਅੰਮ੍ਰਿਤਸਰ ਵਿਚ ਸਮਾਜ ਸੇਵੀ ਸੰਸਥਾਵਾਂ ਜ਼ਰੂਰਤ ਮੰਦਾਂ ਲਈ ਕੰਮ ਕਰ ਰਹੀਆਂ ਹਨ, ਉਸ ਤਰਾਂ ਪੰਜਾਬ ਦਾ ਹਰੇਕ ਵਾਸੀ ਇਸ ਸੰਕਟ ਵਿਚ ਕੁੱਝ ਨਾ ਕੁੱਝ ਯੋਗਦਾਨ ਪਾ ਰਿਹਾ ਹੈ ਅਤੇ ਆਸ ਹੈ ਕਿ ਛੇਤੀ ਹੀ ਅਸੀਂ ਇਸ ਸੰਕਟ ਵਿਚੋਂ ਬਾਹਰ ਨਿਕਲਾਂਗੇ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਿੱਢੀ ਜੰਗ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਲ ਅਮਲੇ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
ਇਸ ਮੌਕੇ ਉਨਾਂ ਅੰਮ੍ਰਿਤਸਰ ਕੇਂਦਰੀ ਹਲਕੇ ਲਈ 5 ਟਰੱਕ ਜਿੰਨਾ ਵਿਚ 750 ਪਰਾਵਰਾਂ ਲਈ ਸੁੱਕਾ ਰਾਸ਼ਨ ਸ਼ਾਮਿਲ ਸੀ ਤੋਰੇ ਅਤੇ ਹਦਾਇਤ ਕੀਤੀ ਕਿ ਕੋਈ ਵੀ ਲੋੜਵੰਦ ਪਰਿਵਾਰ ਰੋਟੀ ਤੋਂ ਭੁੱਖਾ ਨਾ ਰਹੇ। ਉਨਾਂ ਦੱਸਿਆ ਕਿ ਅੱਜ ਵੀ ਸੁੱਕਾ ਰਾਸ਼ਨ ਪੰਜਾਬ ਸਰਕਾਰ, ਅੰਮ੍ਰਿਤਸਰ ਦੇ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਭੇਜਿਆ ਜਾ ਰਿਹਾ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਜਦ ਤੱਕ ਦਿਨ ਆਮ ਵਾਂਗ ਨਹੀਂ ਹੁੰਦੇ ਲੋੜਵੰਦਾਂ ਨੂੰ ਇਸੇ ਤਰਾਂ ਮਦਦ ਭੇਜੀ ਜਾਂਦੀ ਰਹੇ, ਤਾਂ ਕਿ ਲੋਕ ਭੁੱਖੇ ਨਾ ਰਹਿਣ। ਇਸ ਮੌਕੇ ਸ੍ਰੀ ਵਿਕਾਸ ਸੋਨੀ, ਸ੍ਰੀ ਰਾਘਵ ਸੋਨੀ, ਸ੍ਰੀ ਰਮੇਸ਼ ਚੋਪੜਾ, ਸ੍ਰੀ ਪਰਮਜੀਤ ਸਿੰਘ ਚੋਪੜਾ, ਲਖਵਿੰਦਰ ਸਿੰਘ, ਰਾਣਾ ਸ਼ਰਮਾ ਤੇ ਨਿਸ਼ਾਨ ਸਿੰਘ ਵੀ ਹਾਜ਼ਰ ਸਨ।