
*👉-ਠੇਕਾ ਭਰਤੀ ਅਤੇ ਆਊਟ ਸੌਰਸਿੰਗ ਕਰਮੀਆਂ ਨੂੰ ਕੋਰੋਨਾ ਸ਼ਹੀਦ ਵਜੋਂ 50 ਲੱਖ ਰੁਪਏ ਦੇਣ ਦੇ ਫ਼ੈਸਲੇ ਦਾ ‘ਆਪ’ ਨੇ ਕੀਤਾ ਸਵਾਗਤ*
*👉🏻-‘ਮੈਂ ਵੀ ਮਨਜੀਤ ਸਿੰਘ ਹਾਂ’ ਮੁਹਿੰਮ ਨੇ ਰੰਗ ਦਿਖਾਇਆ*
*ਚੰਡੀਗੜ੍ਹ, 10 ਮਈ( ਵਿਸ਼ਵ ਵਾਰਤਾ )-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਕਰਮਚਾਰੀਆਂ ਸਮੇਤ ਠੇਕਾ ਆਧਾਰਿਤ (ਕੰਟਰੈਕਟ) ਅਤੇ ਆਊਟ ਸੋਰਸਿੰਗ ‘ਤੇ ਆਧਾਰਿਤ ਕੱਚੇ ਮੁਲਾਜ਼ਮਾਂ ਨੂੰ ‘ਕੋਰੋਨਾ ਸ਼ਹੀਦ’ ਵਜੋਂ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਐਲਾਨ ਦਾ ਸਵਾਗਤ ਕਰਦੇ ਹੋਏ ਇਸ ਨੂੰ ਪੀਆਰਟੀਸੀ ਦੇ ਮ੍ਰਿਤਕ ਡਰਾਈਵਰ ਮਨਜੀਤ ਸਿੰਘ ਦੇ ਹੱਕ ‘ਚ ਵਿੱਢੀ ਮੁਹਿੰਮ ਦਾ ਸਕਾਰਾਤਮਿਕ ਪ੍ਰਭਾਵ ਦੱਸਿਆ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਦੌਰਾਨ ਸ੍ਰੀ ਹਜ਼ੂਰ ਸਾਹਿਬ ‘ਚ ਫਸੀ ਸੰਗਤ ਨੂੰ ਲੈਣ ਜਾ ਰਹੇ ਪੀਆਰਟੀਸੀ ਦੇ ਡਰਾਈਵਰ ਮਨਜੀਤ ਸਿੰਘ ਦੀ ਰਸਤੇ ‘ਚ ਮੌਤ ਹੋ ਜਾਣ ਉਪਰੰਤ ਪੰਜਾਬ ਸਰਕਾਰ ਨੇ ਇਸ ਮ੍ਰਿਤਕ ਡਰਾਈਵਰ ਦੇ ਪਰਿਵਾਰ ਨੂੰ ਸਿਰਫ਼ 10 ਲੱਖ ਰੁਪਏ ਦਾ ਐਲਾਨ ਕੀਤਾ ਤਾਂ ਆਮ ਆਦਮੀ ਪਾਰਟੀ ਨੇ ਪਹਿਲੀ ਮਈ (ਮਜ਼ਦੂਰ ਦਿਵਸ) ਉੱਤੇ ਪੰਜਾਬ ਭਰ ‘ਚ ‘ਮੈਂ ਵੀ ਮਨਜੀਤ ਸਿੰਘ ਹਾਂ’ ਮੁਹਿੰਮ ਤਹਿਤ ਮਨਜੀਤ ਸਿੰਘ ਨੂੰ ਵੀ ‘ਕੋਰੋਨਾ ਸ਼ਹੀਦ’ ਵਜੋਂ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਪਰਿਵਾਰ ਦੇ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਸੀ।
ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਵਜੋਂ ‘ਆਪ’ ਵੱਲੋਂ ਵਿੱਢੀ ਉਸ ਮੁਹਿੰਮ ਦਾ ਸਕਾਰਾਤਮਿਕ ਅਸਰ ਇਹ ਰਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ (ਐਤਵਾਰ) ਨੂੰ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਵਿਰੁੱਧ ਮੂਹਰਲੀ ਕਤਾਰ ‘ਚ ਖੜੇ ਹੋ ਕੇ ਲੜਾਈ ਲੜਦੇ ਹੋਏ ਜਾਨ ਗਵਾ ਬੈਠੇ ਕੰਟਰੈਕਟ ਅਤੇ ਆਊਟ ਸੋਰਸਿੰਗ ਕਰਮਚਾਰੀਆਂ ਸਮੇਤ ਸਾਰੇ ਸਰਕਾਰੀ ਕਰਮਚਾਰੀਆਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦੇ ਇਸ ਸ਼ਲਾਘਾਯੋਗ ਫ਼ੈਸਲੇ ਦਾ ਸਵਾਗਤ ਕਰਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਬੁਨਿਆਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਲੋਕਾਂ ਦੇ ਮਸਲੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੀ ਹੈ ਅਤੇ ਸਿਆਸੀ ਦਬਾਅ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਲੋਕਾਂ ਦੇ ਮੁੱਦੇ ਅਤੇ ਮਸਲੇ ਨਜ਼ਰਅੰਦਾਜ਼ ਕਰਦੀ ਹੈ ਤਾਂ ਸਰਕਾਰ ਦੀ ਹਰ ਪਾਸਿਓ ਆਲੋਚਨਾ ਅਤੇ ਘੇਰਾਬੰਦੀ ਕਰਨੀ ‘ਆਪ’ ਦੀ ਡਿਊਟੀ ਹੈ, ਪਰੰਤੂ ਜਦੋਂ ਸਰਕਾਰ ਲੋਕ ਹਿੱਤ ‘ਚ ਕੋਈ ਕਦਮ ਉਠਾਉਂਦੀ ਹੈ ਤਾਂ ‘ਆਪ’ ਉਸ ਫ਼ੈਸਲੇ ਦੀ ਸ਼ਲਾਘਾ ਕਰਨ ‘ਚ ਵੀ ਕੋਈ ਗੁਰੇਜ਼ ਨਹੀਂ ਕਰਦੀ।





















