ਪੰਜਾਬ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੀਤਾ ਹੈ ਪ੍ਰਬੰਧ
ਆਪਣੇ ਘਰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਧੰਨਵਾਦ ਪੰਜਾਬ ਸਰਕਾਰ, ਫਿਰ ਜਲਦੀ ਆਵਾਂਗੇ
ਬਟਾਲਾ, 10 ਮਈ ( ਵਿਸ਼ਵ ਵਾਰਤਾ )- ਕੋਰੋਨਾ ਵਾਇਰਸ ਕਾਰਨ ਦੇਸ਼ ਵਿਆਪੀ ਤਾਲਾਬੰਦੀ ਦੇ ਚੱਲਦਿਆਂ ਪ੍ਰਵਾਸੀ ਮਜ਼ਦੂਰਾਂ ਵਲੋਂ ਇਸ ਸੰਕਟ ਦੀ ਘੜ੍ਹੀ ਦੌਰਾਨ ਆਪਣੇ ਪਰਿਵਾਰਾਂ ਕੋਲ ਜਾਣ ਦੀ ਇੱਛਾ ਪ੍ਰਗਟ ਕੀਤੀ ਸੀ। ਪ੍ਰਵਾਸੀ ਮਜ਼ਦੂਰਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ 400 ਰੇਲਗੱਡੀਆਂ ਬੁੱਕ ਕੀਤੀਆਂ ਹਨ ਜਿਨ੍ਹਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਅੱਜ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਵਲੋਂ ਬਟਾਲਾ ਤੋਂ 27 ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਰੋਡਵੇਜ਼ ਦੀ ਬੱਸ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ। ਅੰਮ੍ਰਿਤਸਰ ਤੋਂ ਇਹ ਪ੍ਰਵਾਸੀ ਮਜ਼ਦੂਰ ਪੰਜਾਬ ਸਰਕਾਰ ਵਲੋਂ ਬੁੱਕ ਕੀਤੀ ਵਿਸ਼ੇਸ਼ ਰੇਲ ਗੱਡੀ ਰਾਹੀਂ ਬਿਹਾਰ ਪ੍ਰਾਂਤ ਦੇ ਜ਼ਿਲ੍ਹਾ ਬੇਗੋਸਰਾਏ ਵਿਖੇ ਪਹੁੰਚਣਗੇ।
ਐਸ.ਡੀ.ਐਮ ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਯਾਤਰੂਆਂ ਦੀ ਜਾਣ ਤੋਂ ਪਹਿਲਾਂ ਮੈਡੀਕਲ ਸਕਰੀਨਿੰਗ ਕੀਤੀ ਗਈ ਹੈ ਅਤੇ ਖਾਣ -ਪੀਣ ਦੀਆਂ ਵਸਤਾਂ ਦੇ ਕੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਹੀ ਰਵਾਨਾ ਕੀਤਾ ਗਿਆ ਹੈ। ਯਾਤਰੀਆਂ ਨੂੰ ਪੀਣ ਲਈ ਦੋ ਬੋਤਲਾਂ ਪਾਣੀ, ਚਨੇ, ਗੁੜ, ਬਿਸਕੁਟ ਅਤੇ ਫਲ ਦਿੱਤੇ ਗਏ ਤਾਂ ਜੋ ਰਸਤੇ ਵਿਚ ਉਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਬਟਾਲਾ ਦੇ ਪਿੰਡ ਖਤੀਬ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਤੋਂ ਰਵਾਨਾ ਹੋਏ ਬਿਹਾਰ ਰਾਜ ਦੇ ਨਿਵਾਸੀ ਯਾਤਰੀਆਂ ਨੇ ਵੀ ਭਾਵੁਕ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਜਿਲਾ ਪ੍ਰਸ਼ਾਸਨ ਵਲੋਂ ਉਨਾਂ ਨੂੰ ਬਹੁਤ ਇੱਜ਼ਤ ਮਾਣ ਨਾਲ ਰਵਾਨਾ ਕੀਤਾ ਗਿਆ ਹੈ, ਜਿਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨਾਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਉਨਾਂ ਇਥੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ ਤੇ ਹਰ ਲੋੜੀਦੀ ਸਹੂਲਤ ਪੁਜਦਾ ਕੀਤੀ ਗਈ ਸੀ। ਨਾਲ ਹੀ ਉਨਾਂ ਇਹ ਵੀ ਕਿਹਾ ਕਿ ਉਹ ਲਾਕਡਾਊਨ ਖੁੱਲਣ ਬਾਅਦ ਵਾਪਸ ਜਰੂਰ ਆਉਣਗੇ।





















