• ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਵੀ ਸਾਂਘੀ ਦੀ ਮੌਤ ‘ਤੇ ਦੁੱਖ ਪ੍ਰਗਟ
ਚੰਡੀਗੜ, 10 ਨਵੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕੇਸਰੀ ਗਰੁੱਪ ਦੇ ਸੀਨੀਅਰ ਪੱਤਰਕਾਰ ਰਾਕੇਸ਼ ਸਾਂਘੀ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸ੍ਰੀ ਸਾਂਘੀ 59 ਸਾਲ ਦੇ ਸਨ ਅਤੇ ਉਹ ਲੰਮੀ ਬਿਮਾਰੀ ਉਪਰੰਤ ਪੀ.ਜੀ.ਆਈ.ਐਮ.ਈ.ਆਰ ਵਿਖੇ ਸ਼ੁੱਕਰਵਾਰ ਦੀ ਸ਼ਾਮ ਨੂੰ ਵਿਛੋੜਾ ਦੇ ਗਏ।
ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸਾਂਘੀ ਨੂੰ ਇੱਕ ਪੇਸ਼ੇਵਰ ਅਤੇ ਵਧੀਆ ਪੱਤਰਕਾਰ ਦੱਸਿਆ ਜਿਹਨਾਂ ਨੇ ਹਮੇਸ਼ਾ ਹੀ ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਨੂੰ ਬਣਾਏ ਰੱਖਿਆ ਅਤੇ ਇਸ ਵਾਸਤੇ ਪੂਰੇ ਸਮਰਪਣ ਨਾਲ ਕਾਰਜ ਕੀਤਾ।
ਮੁੱਖ ਮੰਤਰੀ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਸ੍ਰੀ ਸਾਂਘੀ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਉਹਨਾਂ ਨੂੰ ਇੱਕ ਸੱਚਾ ਪੇਸ਼ੇਵਰ ਅਤੇ ਵਧੀਆ ਇਨਸਾਨ ਦੱਸਿਆ। ਉਹਨਾਂ ਕਿਹਾ ਕਿ ਇਹ ਨੁਕਸਾਨ ਸਿਰਫ ਪਰਿਵਾਰ ਅਤੇ ਦੋਸਤਾਂ ਨੂੰ ਹੀ ਨਹੀਂ ਸਗੋਂ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਵੀ ਹੈ।
ਸਾਂਘੀ ਇੱਕ ਉੱਘਾ ਖੇਡ ਪੱਤਰਕਾਰ ਸੀ ਅਤੇ ਉਹ ਬੀ.ਸੀ.ਸੀ.ਆਈ ਦਾ ਸਕੋਰਰ ਵੀ ਸੀ। ਉਹਨਾਂ ਨੇ ਤਕਰੀਬਨ ਤਿੰਨ ਦਹਾਕੇ ਤੋਂ ਵੱਧ ਹਰਿਆਣਾ ਨੂੰ ਕਵਰ ਕੀਤਾ। ਉਹ ਹਰਿਆਣਾ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਸਨ।