
ਮਾਨਸਾ 24 ਅਪ੍ਰੈਲ ( ਵਿਸ਼ਵ ਵਾਰਤਾ) ਕੋਰੋਨਾ ਵਾਇਰਸ ਦੇ ਸੰਕਟ ਨਾਲ ਦੋ ਚਾਰ ਹੁੰਦਿਆਂ ਹੁਣ ਮਾਨਸਾ ਦੀਆਂ ਪੰਚਾਇਤਾਂ ਨੂੰ ਹਾੜ੍ਹੀ ਦੀ ਫਸਲ ਦੀ ਨਾੜ ਨਾ ਸਾੜਨ ਲਈ ਮਤੇ ਪਾਉਣ ਦੀਆਂ ਪ੍ਰਵਾਨਗੀਆਂ ਲਈਆਂ ਜਾਣਗੀਆਂ। ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਘੋਸ਼ਣਾ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਾਨਸਾ ਜਿਲ੍ਹੇ ਦੇ ੬ ਬਲਾਕਾਂ ਦੀਆਂ ਕਰੀਬ ੨੪੭ ਪੰਚਾਇਤਾਂ ਨਾਲ ਮੀਟਿੰਗ ਕਰਕੇ ਇਹ ਸਹਿਮਤੀ ਲਈ ਜਾਵੇਗੀ। ਮੋਫਰ ਨੇ ਕਿਹਾ ਕਿ ਇਸ ਸਹਿਮਤੀ ਨਾਲ ਜਿੱਥੇ ਅਸੀਂ ਪ੍ਰਦੂਸ਼ਣ ਨੂੰ ਲੈ ਕੇ ਸਮਾਜ ਵਿੱਚ ਨਵਾਂ ਸੁਨੇਹਾ ਲੈ ਕੇ ਜਾਵਾਂਗੇ। ਉੇੱਥੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਸਮੱਸਿਆ ਤੋਂ ਹਮੇਸ਼ਾ ਲਈ ਨਿਜਾਤ ਮਿਲਣ ਦਾ ਰਾਹ ਵੀ ਖੁਲ੍ਹੇਗਾ। ਮੋਫਰ ਅਨੁਸਾਰ ਮਾਨਸਾ ਵਿੱਚ ਇਹ ਨਿਵੇਕਲਾ ਅਤੇ ਅਨੋਖਾ ਕਾਰਜ ਹੋਵੇਗਾ। ਜਿਕਰਯੋਗ ਹੈ ਕਿ ਬੀਤੇ ਦਿਨੀਂ ਡੀ.ਸੀ ਗੁਰਪਾਲ ਸਿੰਘ ਚਹਿਲ ਅਤੇ ਐੱਸ.ਐੱਸ.ਪੀ ਮਾਨਸਾ ਡਾ: ਨਰਿੰਦਰ ਭਾਰਗਵ ਵੱਲੋਂ ਵੱਖ-ਵੱਖ ਕਿਸਾਨ ਧਿਰਾਂ ਅਤੇ ਵਾਤਾਵਰਣ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਕਿਸਾਨਾਂ ਨਾਲ ਲੰਮੀ ਵਿਚਾਰ ਚਰਚਾ ਕੀਤੀ ਗਈ।
ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਯੋਜਨਾ ਤਿਆਰ ਕੀਤੀ ਗਈ ਹੈ ਕਿ ਆਉਂਦੇ ਦਿਨਾਂ ਵਿੱਚ ਜਿਲ੍ਹਾ ਮਾਨਸਾ ਦੀਆਂ ਕਰੀਬ ੨੪੭ ਪੰਚਾਇਤਾਂ ਦੇ ਸਰਪੰਚਾਂ-ਪੰਚਾਂ ਨਾਲ ਮੀਟਿੰਗ ਕਰਕੇ ਇਹ ਵਿਚਾਰ ਕੀਤਾ ਜਾਵੇਗਾ ਕਿ ਪੰਚਾਇਤਾਂ ਨੇ ਪਿੰਡਾਂ ਅੰਦਰ ਪਰਾਲੀ ਅਤੇ ਨਾੜ ਸਾੜਨ ਵਾਲੇ ਕਿਸਾਨ ਵੀਰਾਂ ਨੂੰ ਅਜਿਹਾ ਕਰਨ ਤੋਂ ਰੋਕਣ ਕਿਉਂਕਿ ਅੱਜ ਅਸੀਂ ਦੇਸ਼ ਅੰਦਰ ਇੱਕ ਮਹਾਂਮਾਰੀ ਨਾਲ ਨਜਿੱਠ ਰਹੇ ਹਨ। ਪਰ ਸਾਡੇ ਲਈ ਅੱਜ ਵਾਤਾਵਰਣ ਪ੍ਰਦੂਸ਼ਣ ਵੀ ਗੰਭੀਰ ਸਮੱਸਿਆ ਹੈ। ਉਨ੍ਹਾ ਕਿਹਾ ਕਿ ਉਨ੍ਹਾਂ ਨੇ ਇਹ ਯੋਜਨਾ ਬਣਾਈ ਹੈ ਕਿ ਇਨ੍ਹਾਂ ਪੰਚਾਇਤਾਂ ਨਾਲ ਮੀਟਿੰਗ ਕਰਕੇ ਜਿਲ੍ਹਾ ਮਾਨਸਾ ਅੰਦਰ ਨਾੜ ਨਾ ਸਾੜਨ ਦਾ ਸੰਕਲਪ ਲਿਆ ਜਾਵੇ। ਮੋਫਰ ਨੇ ਕਿਹਾ ਕਿ ਪੰਚਾਇਤਾਂ ਪਿੰਡਾਂ ਦੀ ਅਗਵਾਈ ਕਰਦੀਆਂ ਹਨ ਅਤੇ ਹੁਣ ਸਮੁੱਚੀਆਂ ਪੰਚਾਇਤਾਂ ਨੂੰ ਜਿਲ੍ਹਾ ਪ੍ਰੀਸ਼ਦ ਇਹ ਅਪੀਲ ਕਰੇਗਾ ਕਿ ਉਹ ਪ੍ਰਦੂਸ਼ਣ ਦੇ ਖਿਲਾਫ ਮੋਰਚਾ ਖੋਲ੍ਹ ਕੇ ਸਾਨੂੰ ਇਸ ਦੀ ਬਿਮਾਰੀ ਤੋਂ ਬਚਾਉਣ, ਜਿਸ ਨਾਲ ਸਾਡਾ ਵਾਤਾਵਰਣ ਸਾਫ ਸੁੱਥਰਾ ਅਤੇ ਖੇਤੀ ਇੱਕ ਲਾਹੇਵੰਦ ਧੰਦਾ ਬਣ ਸਕੇ। ਮੋਫਰ ਨੇ ਕਿਹਾ ਕਿ ਉਹ ਜਿਲ੍ਹਾ ਪੁਲਿਸ ਵੱਲੋਂ ਨਾੜ ਨਾ ਸਾੜਨ ਵਾਲੀ ਕਿਸਾਨਾਂ ਨਾਲ ਮਿਲ ਕੇ ਸ਼ੁਰੂ ਕੀਤੀ ਮੁੰਹਿਮ ਦੀ ਮੁਹਰੇ ਲੱਗ ਕੇ ਅਗਵਾਈ ਕਰਨਗੇ। ਇਸ ਮੌਕੇ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ, ਬਲਾਕ ਬੁਢਲਾਡਾ ਦੇ ਪ੍ਰਧਾਨ ਜਸਵੀਰ ਸਿੰਘ ਚੱਕ ਅਲੀਸ਼ੇਰ, ਝੁਨੀਰ ਦੇ ਪ੍ਰਧਾਨ ਸਰਪੰਚ ਗੁਰਵਿੰਦਰ ਸਿੰਘ ਪੰਮੀ, ਸਰਪੰਚ ਪਰਮਜੀਤ ਸਿੰਘ ਨੰਗਲ, ਸਰਪੰਚ ਗੁਰਵਿੰਦਰ ਸਿੰਘ ਬੀਰੋਕੇ, ਸਰਪੰਚ ਜਗਦੇਵ ਸਿੰਘ ਘੋਗਾ ਜੋਈਆਂ, ਸਰਪੰਚ ਰਾਜੂ ਅੱਕਾਂਵਾਲੀ, ਸਰਪੰਚ ਜਗਸੀਰ ਸਿੰਘ ਮੀਰਪੁਰ, ਯੂਥ ਕਾਂਗਰਸੀ ਆਗੂ ਗੁਰਦੀਪ ਸਿੰਘ ਲਖਮੀਰਵਾਲਾ, ਸਰਪੰਚ ਅਮਨ ਗੁਰਵੀਰ ਸਿੰਘ ਝੁਨੀਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।





















