
ਮਾਨਸਾ 24 ਅਪ੍ਰੈਲ( ਵਿਸ਼ਵ ਵਾਰਤਾ)- ਕਰੋਨਾ ਵਿਰੁੱਧ ਜੰਗ ਲੜਨ ਵਾਲਿਆਂ ਦੀ ਜਦੋਂ ਫਤਹਿ ਗਾਥਾ ਲਿਖੀ ਜਾਵੇਗੀ ਤਾਂ ਮਾਨਸਾ ਦੇ ਡਾ ਰਣਜੀਤ ਸਿੰਘ ਰਾਏ ਅਤੇ ਏ ਐਸ ਆਈ ਬਲਵੰਤ ਭੀਖੀ ਦਾ ਨਾਂ ਵੀ ਸੁਨਹਿਰੀ ਅੱਖਰਾਂ ਚ ਲਿਖਿਆ ਜਾਵੇਗਾ। ਭਾਵੇਂ ਨੇਕ ਕਾਰਜਾਂ ਕਰਕੇ ਇਹ ਦੋਨੋਂ ਵਿਅਕਤੀ ਪਹਿਲਾਂ ਹੀ ਅਪਣੇ ਵਿਭਾਗਾਂ ਦੇ ਨਾਇਕ ਨੇ,ਪਰ ਕਰੋਨਾ ਵਿਰੁੱਧ ਲੜੀ ਜੰਗ ਨੇ ਇਨ੍ਹਾਂ ਨੂੰ ਮਹਾਂਨਾਇਕ ਬਣਾ ਦਿੱਤਾ। ਬੇਸ਼ੱਕ ਪੁਲੀਸ ਵਿਭਾਗ ਵੱਲ੍ਹੋ ਚੋਣਵੇਂ ਵਿਅਕਤੀਆਂ ਨੂੰ ਦਿੱਤੇ ਡੀ ਜੀ ਪੀ ਆਨਰ ਐਂਡ ਡਿਸਕ ਦਾ ਅਵਾਰਡ ਇਨ੍ਹਾਂ ਨਾਇਕਾਂ ਦੀ ਝੋਲੀ ਪਿਆ ਹੈ,ਪਰ ਲੋਕਾਂ ਦੇ ਮਾਣ ਸਨਮਾਨ ਅੱਗੇ ਇਹ ਅਵਾਰਡ ਵੀ ਫਿਕੇ ਪੈ ਗਏ।
ਕਰੋਨਾ ਜੰਗ ਦੁਨੀਆਂ ਦੀ ਇਕ ਵੱਖਰੀ ਤੇ ਭਿਆਨਕ ਜੰਗ ਹੋ ਨਿਬੜੀ ਕਿਉਂਕਿ ਜਿਸ ਵਿੱਚ ਸਾਹਮਣਿਓਂ ਨਾ ਦੁਸ਼ਮਣ ਦਿਸਦਾ ਸੀ , ਨਾ ਉਸ ਦਾ ਕੀਤਾ ਵਾਰ,ਸਗੋਂ ਬਿਨਾਂ ਦੇਖੇ ਵਾਰ ਦਾ ਅਸਰ ਹੀ ਦਿਸਦਾ ਸੀ,ਉਪਰੋਂ ਕੋਈ ਇਲਾਜ ਨਾ ਹੋਵੇ,ਫਿਰ ਭਲਾ ਕੌਣ ਮੌਤ ਨੂੰ ਜੱਫੇ ਪਾਉਂਦਾ, ਪਰ ਇਹਨ੍ਹਾਂ ਦੇ ਸਿਦਕ ਨੂੰ ਸਲਾਮ ਕਿ ਇਹ ਮੌਤ ਨਾਲ ਖਹਿਦੇ ਰਹੇ।
ਡਾ ਰਣਜੀਤ ਸਿੰਘ ਰਾਏ ਤੇ ਬਲਵੰਤ ਭੀਖੀ ਅਪਣੇ ਆਪਣੇ ਵਿਭਾਗ ਦੇ ਦਹਾਕਿਆਂ ਤੋਂ ਨਾਇਕ ਨੇ, ਹੁਣ ਕਰੋਨਾ ਜੰਗ ਨੇ ਇਨ੍ਹਾਂ ਦੀ ਇਨਸਾਨੀਅਤ ਪ੍ਰਤੀ ਸਮਰਪਿਤ ਭਾਵਨਾ ਨੇ ਇਨ੍ਹਾਂ ਨੂੰ ਦੁਨੀਆਂ ਦੀ ਇਸ ਨਵੀਂ ਜੰਗ ਦਾ ਮਹਾਂਨਾਇਕ ਬਣਾ ਦਿੱਤਾ। ਇਹ ਦੋਨੋਂ ਅਜਿਹੇ ਇਨਸਾਨ ਨੇ ਕਿ ਜੋ 24 ਘੰਟੇ ਕਿਸੇ ਸਰਹੱਦ ਤੇ ਲੜੀ ਜਾਣ ਵਾਲੀ ਜੰਗ ਦੇ ਸਿਪਾਹੀ ਵਾਂਗ ਤਿਆਰ ਬਰ ਤਿਆਰ, ਟਨਾ ਟਨ ਰਹਿੰਦਾ ਨੇ।
ਇਹ ਦੋਨੋਂ ਨਸ਼ਿਆਂ ਦੀ ਜੰਗ ਵਿਰੁੱਧ ਲੜ ਰਹੇ ਨੇ, ਜੇਕਰ ਪਿੰਡਾ ਅਤੇ ਸਕੂਲਾਂ ਦੇ ਵਿਹੜਿਆਂ ਚ ਡਾ ਰਣਜੀਤ ਤਰ੍ਹਾਂ ਤਰ੍ਹਾਂ ਦੇ ਡਾਕਟਰੀ ਕੈਂਪ ਲਾਕੇ ਤੰਦਰੁਸਤੀਆਂ ਬਖਸ਼ਦਾ ਰਿਹਾ,ਉਥੇਂ ਭਾਈ ਬਲਵੰਤ ਵਿਭਾਗ ਦੇ ਖੇਡ ਗਰਾਊਂਡਾਂ ਚ ਸੰਘੋਂ ਉਤਰਦੇ ਸ਼ਬਦਾਂ ਦੀ ਮਿਠਾਸ ਨਾਲ ਨੋਜਵਾਨੀ ਨੂੰ ਅਸਮਾਨੀ ਚੜ੍ਹਾਉਂਦਾ ਰਿਹਾ,ਉਨ੍ਹਾਂ ਦੇ ਦਾ ਇਹ ਸ਼ਬਦਾਂ ਦਾ ਇਹ ਜਾਦੂ ਸੀ,ਕਿ ਜਿਨ੍ਹਾਂ ਦੀ ਗੁੱਡੀ ਅਸਮਾਨੀ ਚੜ੍ਹ ਗਈ,ਉਹ ਮੁੜ ਛੇਤੀ ਉੱਤਰੀ ਨੀਂਂ,ਉਸ ਦੇ ਭਾਸ਼ਣਾਂ ਨੇ ਕੇਵਲ ਮੁਕਾਬਲੇ ਚ ਬੈਠੇ ਜੱਜਾਂ ਦੇ ਮਨ ਹੀ ਨਹੀਂ ਜਿੱਤੇ,ਸਗੋਂ ਪਿੰਡਾਂ ਦੀਆਂ ਸੱਥਾਂ ਚ ਬੈਠੇ ਅਨੇਕਾਂ ਉਨ੍ਹਾਂ ਗੱਭਰੂਆਂ ਦੇ ਦਿਲ ਵੀ ਜਿੱਤੇ ਹਨ, ਜੋ ਨਸ਼ਿਆਂ ਕਾਰਨ ਜ਼ਿੰਦਗੀ ਦੀ ਬਾਜੀ ਹਾਰ ਗਏ ਸਨ,ਦੂਜੇ ਬੰਨੇ ਡਾ ਰਣਜੀਤ ਸਿੰਘ ਮਰੀਜ਼ਾਂ ਦਾ ਇਲਾਜ ਹੀ ਨਹੀਂ ਕਰਦੇ ਸਗੋਂ ਹੱਕੀਂ ਮੰਗਾਂ ਲਈ ਵਿਭਾਗੀ ਕਾਮਿਆਂ ਨਾਲ ਖੜਦੇ, ਲੜ੍ਹਦੇ ਵੀ ਨੇ।
ਮਾਨਸਾ ਦੇ ਇਨ੍ਹਾਂ ਦੋਨਾਂ ਨਾਇਕਾਂ ਨੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਅਤੇ ਐਸ ਐਸ ਪੀ ਡਾ ਨਰਿੰਦਰ ਭਾਰਗਵ ਦੇ ਦੇਣਦਾਰ ਨੇ ਜਿਨ੍ਹਾਂ ਨੇ ਹਮੇਸ਼ਾਂ ਹੀ ਉਨ੍ਹਾਂ ਦੀ ਸੁਚੱਜੀ ਅਗਵਾਈ ਕੀਤੀ।





















