
ਨਵੇਂ ਪਾਸ ‘ਜਿਸਤ-ਟਾਂਕ’ ਦੇ ਆਧਾਰ ’ਤੇ ਚੱਲਣਗੇ
ਟਾਂਕ ਵਾਲੇ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ, ਐਤਵਾਰ ਜਦਕਿ ਜਿਸਤ ਵਾਲੇ ਬਾਕੀ ਦਿਨਾਂ ’ਚ
ਬਲਾਚੌਰ, 17 ਅਪਰੈਲ-(ਵਿਸ਼ਵ ਵਾਰਤਾ / ਰਮਨਦੀਪ ਸਿੰਘ ਬਹਿਲ )
ਬਲਾਚੌਰ ਸਬ ਡਵੀਜ਼ਨ ’ਚ ਸਬਜ਼ੀਫ਼ਰੋਸ਼ਾਂ ਨੂੰ ਜਾਰੀ ਪਾਸਾਂ ਦੀ ਗਿਣਤੀ ’ਚ ਸੰਤੁਲਨ ਲਿਆਉਣ ਦੇ ਮੰਤਵ ਨਾਲ ਅੱਜ ਐਮ ਐਲ ਏ ਚੌ. ਦਰਸ਼ਨ ਲਾਲ ਮੰਗੂਪਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਮਾਰਕੀਟ ਕਮੇਟੀ ਵੱਲੋਂ ਪਹਿਲਾਂ ਜਾਰੀ ਪਾਸਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ।
ਮੀਟਿੰਗ ’ਚ ਇਸ ਗੱਲ ’ਤੇ ਸਰਬਸੰਮਤੀ ਬਣੀ ਕਿ ਸਮੂਹ ਸਬਜ਼ੀਫ਼ਰੋਸ਼ਾਂ ਨੂੰ ਸੀਮਿਤ ਗਿਣਤੀ ’ਚ ਪਾਸ ਜਾਰੀ ਕੀਤੇ ਜਾਣ ਅਤੇ ਉਨ੍ਹਾਂ ਦੇ ਜਾਣ ਦੇ ਦਿਨ ਤੈਅ ਕੀਤੇ ਜਾਣ। ਇਸ ਉਪਰੰਤ 200 ਪਾਸ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ, ਜਿਸ ਤਹਿਤ ਟਾਂਕ ਵਾਲੇ ਨੰਬਰ ਵਾਲੇ ਪਾਸ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ, ਐਤਵਾਰ ਜਦਕਿ ਜਿਸਤ ਵਾਲੇ ਬਾਕੀ ਦਿਨਾਂ ’ਚ ਯੋਗ ਸਮਝੇ ਜਾਣਗੇ।
ਵਿਧਾਇਕ ਚੌ. ਮੰਗੂਪੁਰ ਅਨੁਸਾਰ ਪਹਿਲਾਂ ਜਾਰੀ ਪਾਸਾਂ ਕਾਰਨ ਕਾਫ਼ੀ ਮੁਸ਼ਕਿਲ ਆ ਰਹੀ ਸੀ ਅਤੇ ਕੋਵਿਡ ਤਹਿਤ ਲਾਈਆਂ ਪਾਬੰਦੀਆਂ ਦਾ ਪਾਲਣ ਕਰਨ ’ਚ ਮੁਸ਼ਕਿਲ ਆ ਰਹੀ ਸੀ, ਜਿਸ ਕਾਰਨ ਅੱਜ ਇਹ ਨਵਾਂ ਫੈਸਲਾ ਲਿਆ ਗਿਆ।
ਮੀਟਿੰਗ ’ਚ ਹਰਜੀਤ ਸਿੰਘ ਜਾਡਲੀ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ, ਦੇਸ ਰਾਜ ਹਕਲਾ ਉੱਪ ਚੇਅਰਮੈਨ, ਸੁਰਿੰਦਰ ਪਾਲ ਸਕੱਤਰ ਮਾਰਕੀਟ ਕਮੇਟੀ ਬਲਾਚੌਰ , ਨਰਿੰਦਰ ਕੁਮਾਰ ਟਿੰਕੂ ਘਈ ਪ੍ਰਧਾਨ ਨਗਰ ਕੌਂਸਲ, ਤਰਸੇਮ ਲਾਲ ਚੰਨਿਆਣੀ, ਸਾਬਕਾ ਚੇਅਰਮੈਨ, ਯੂਥ ਆਗੂ ਅਜੇ ਕੁਮਾਰ ਮੰਗੂਪੁਰ, ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਖੇਪੜ, ਸਰਫ਼ਰਾਜ਼ ਤੇ ਰਵੀ ਪ੍ਰਧਾਨ ਸਬਜ਼ੀ ਮੰਡੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਐਮ ਐਲ ਏ ਬਲਾਚੌਰ: ਐਮ ਐਲ ਏ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ ਸਬਜ਼ੀਫ਼ਰੋਸ਼ਾਂ ਨੂੰ ਨਵੇਂ ਪਾਣ ਜਾਰੀ ਕਰਨ ਅਤੇ ਉਨ੍ਹਾਂ ਦੀ ਆਮਦ ਜਿਸਤ-ਟਾਂਕ ਦੇ ਹਿਸਾਬ ਨਾਲ ਕਰਨ ਲਈ ਮੀਟਿੰਗ ਕਰਦੇ ਹੋਏ।





















