ਅੰਮ੍ਰਿਤਸਰ, 16 ਅਪ੍ਰੈਲ (ਵਿਸ਼ਵ ਵਾਰਤਾ )- ਕੋਵਿਡ 19 ਦੇ ਸੰਕਟ ਕਾਰਨ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਕਿਸਾਨਾਂ, ਖੇਤ ਮਜ਼ਦੂਰਾਂ, ਕੰਬਾਇਨਾਂ, ਰੀਪਰਾਂ, ਦੁੱਧ ਤੇ ਡੇਅਰੀ ਉਤਪਾਦਕਾਂ, ਸਬਜੀ ਤੇ ਫਲ ਵਿਕਰੇਤਾ ਆਦਿ ਨੂੰ ਆਉਣ-ਜਾਣ ਦੀ ਢਿੱਲ ਦਿੱਤੀ ਹੋਈ ਹੈ, ਤਾਂ ਕਿ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਮਿਲਦੀਆਂ ਰਹਿਣ। ਇਨਾਂ ਤੋਂ ਇਲਾਵਾ ਵੀ ਕਈ ਲੋਕ ਕਰਫਿਊ ਦੀ ਉਲੰਘਣਾ ਕਰਦੇ ਹਨ, ਜਿੰਨਾ ਉਤੇ ਪੁਲਿਸ ਦੇ ਨਾਲ-ਨਾਲ ਆਮ ਲੋਕ ਵੀ ਤਿੱਖੀ ਨਿਗਾ ਰੱਖਣ ਲੱਗੇ ਹਨ। ਜਿਲਾ ਪੇਂਡੂ ਵਿਕਾਸ ਅਤੇ ਪੰਚਾਇਤ ਅਧਿਕਾਰੀ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜਿਲੇ ਦੇ ਬਹੁਤੇ ਪਿੰਡਾਂ ਵਿਚ ਲੋਕਾਂ ਨੇ ਫਿਰਨੀਆਂ ਉਤੇ ਪਹਿਰੇ ਲਗਾਏ ਹੋਏ ਹਨ, ਜਿੱਥੋਂ ਉਹ ਕਿਸੇ ਵੀ ਪਿੰਡ ਆਉਣ ਵਾਲੇ ਤੋਂ ਪੁੱਛ-ਗਿੱਛ ਕਰਦੇ ਹਨ ਅਤੇ ਆਪਣੀ ਤਸੱਲੀ ਹੋਣ ਉਤੇ ਹੀ ਅੱਗੇ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ। ਇਥੋਂ ਤੱਕ ਕਿ ਪਿੰਡਾਂ ਵਿਚ ਸੰਬਜੀ ਤੇ ਫਲ ਵਿਕਰੇਤਾ ਵੀ ਉਹੀ ਆਉਣ ਦਿੱਤੇ ਜਾ ਰਹੇ ਹਨ ਜੋ ਕਿ ਪਹਿਲਾਂ ਤੋਂ ਹੀ ਪਿੰਡ ਵਿਚ ਆਉਂਦੇ ਹਨ, ਨਵੇਂ ਬੰਦੇ ਨੂੰ ਸਬਜੀ ਵੇਚਣ ਦੀ ਆਗਿਆ ਵੀ ਨਹੀਂ ਹੈ। ਇੰਨਾਂ ਲੋਕਾਂ ਨੂੰ ਵੀ ਪਿੰਡਾਂ ਵਿਚ ਮਾਸਕ ਪਹਿਨਣਾ ਜ਼ਰੂਰੀ ਕਰਵਾਇਆ ਜਾਂਦਾ ਹੈ ਅਤੇ ਕਈ ਨਾਕਿਆਂ ਉਤੇ ਰੱਖੇ ਸਾਬਣ-ਪਾਣੀ ਨਾਲ ਹੱਥ ਚੰਗੀ ਤਰਾਂ ਧੋ ਕੇ ਹੀ ਪਿੰਡ ਵਿਚ ਦਾਖਲਾ ਦਿੱਤਾ ਜਾਂਦਾ ਹੈ। ਇਸੇ ਤਰਾਂ ਪਿੰਡੋਂ ਸ਼ਹਿਰ ਜਾਂ ਹੋਰ ਕਿਧਰੇ ਜਾਣ ਵਾਲੇ ਵਿਅਕਤੀ ਨੂੰ ਵੀ ਸਫਰ ਕਰਨ ਤੋਂ ਮਨਾ ਕੀਤਾ ਜਾਂਦਾ ਹੈ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਸਾਵਧਾਨੀ ਨਾਲ ਸਫਰ ਕਰਨ ਦੀ ਸਲਾਹ ਦਿੰਦੇ ਵਾਪਸੀ ਉਤੇ ਉਸ ਨੂੰ ਵੀ ਚੰਗੀ ਤਰਾਂ ਸੈਨੇਟਾਇਜ਼ ਕੀਤਾ ਜਾਂਦਾ ਹੈ।
ਪਿੰਡਾਂ ਤੋਂ ਬਾਅਦ ਸ਼ਹਿਰ ਦੇ ਕੁੱਝ ਮੁਹੱਲਿਆਂ ਵਿਚ ਵੀ ਅਜਿਹਾ ਵਤੀਰਾ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੀਆਂ ਕਈ ਅਬਾਦੀਆਂ ਵਿਚ ਵੀ ਅਜਿਹੇ ਠੀਕਰੀ ਪਹਿਰੇ ਲਗਾ ਕੇ ਲੋਕ ਆਪਣੇ-ਆਪਣੇ ਇਲਾਕੇ ਨੂੰ ਵਾਇਰਸ ਦੀ ਮਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਇਕ ਚੰਗੀ ਪਹਿਲ ਕਦਮੀ ਹੈ। ਆਸ ਹੈ ਕਿ ਜੇਕਰ ਲੋਕ ਇਸੇ ਤਰਾਂ ਜਾਗਰੂਕ ਰਹਿੰਦੇ ਹਨ ਤਾਂ ਵਾਇਰਸ ਦੇ ਫੈਲਾਅ ਨੂੰ ਵੱਡੀ ਹੱਦ ਤੱਕ ਰੋਕਿਆ ਜਾ ਸਕੇਗਾ।





















