
-ਇਸ ਤਕਨੀਕ ਨਾਲ ਲੇਬਰ ਅਤੇ ਪਾਣੀ ਦੀ ਬੱਚਤ ਹੋ ਸਕੇਗੀ: ਪੀ ਏ ਯੂ ਮਾਹਿਰ
ਲੁਧਿਆਣਾ, 17 ਅਪ੍ਰੈਲ (ਵਿਸ਼ਵ ਵਾਰਤਾ )- ਇਸ ਸਾਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇ-ਨਜ਼ਰ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਦੇ ਆਸਾਰ ਬਣ ਸਕਦੇ ਹਨ। ਇਸ ਕਰਕੇ ਇਸ ਤਰ•ਾਂ ਦੇ ਹਾਲਾਤ ਵਿਚ ਮਸ਼ੀਨ ਨਾਲ ਝੋਨੇ ਦੀ ਸਿੱਧੀ ਬਿਜਾਈ ਬੇਹਦ ਲਾਹੇਵੰਦ ਸਾਬਤ ਹੋ ਸਕਦੀ ਹੈ। ਪੀ ਏ ਯੂ ਮਾਹਿਰਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ, ਖਾਸ ਕਰਕੇ ਜੂਨ ਦਾ ਪਹਿਲਾ ਪੰਦਰਵਾੜਾ ਕੁਝ ਰਕਬੇ ਉੱਪਰ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਇਸ ਸੰਬੰਧ ਵਿਚ ਯੂਨੀਵਰਸਿਟੀ ਵਲੋਂ 2017-19 ਤਕ ਤਿੰਨ ਸਾਲਾਂ ਦੌਰਾਨ ਕੀਤੇ ਤਜਰਬਿਆਂ ਦੇ ਅਧਾਰ ਤੇ ਇਹ ਤਕਨੀਕ ਵਿਕਸਿਤ ਕੀਤੀ ਗਈ ਹੈ ਜਿਸਨੂੰ ਸਫਲਤਾ ਨਾਲ ਪਿਛਲੇ ਸਾਲ ਕਿਸਾਨਾਂ ਦੇ ਖੇਤਾਂ ਵਿਚ ਵੀ ਪਰਖਿਆ ਜਾ ਚੁੱਕਿਆ ਹੈ। ਇਸ ਤਕਨੀਕ ਨੂੰ ਅਪਨਾਉਣ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ ਅਤੇ ਫਿਰ ਰੌਣੀ ਕਰਨ ਤੋਂ ਬਾਅਦ ਤਰ ਵੱਤਰ ਖੇਤ ਵਿਚ ਮਸ਼ੀਨ ਨਾਲ ਸਿੱਧੀ ਬਿਜਾਈ ਕਰ ਦਿਉ।
ਮਾਹਿਰਾਂ ਨੇ ਕਿਹਾ ਕਿ ਜੇਕਰ ਲੱਕੀ ਡਰਿੱਲ ਮਿਲੇ ਤਾਂ ਤਿਰਛੀ ਪਲੇਟ ਵਾਲੇ ਟਰੈਕਟਰ ਡਰਿੱਲ ਨਾਲ ਬਿਜਾਈ ਕਰਕੇ ਫੌਰਨ ਨਦੀਨ-ਨਾਸ਼ਕ ਦੀ ਸਪਰੇਅ ਕਰਨੀ ਚਾਹੀਦੀ ਹੈ। ਸਪਰੇਅ ਲਈ ਸਟੌਪ/ ਬੰਕਰ 30 % ( ਪੈਂਡਿਮੈਥਾਲੀਨ) ਨੂੰ ਇਕ ਲੀਟਰ ਪ੍ਰਤੀ ਏਕੜ 200 ਲੀਟਰ ਪਾਣੀ ਵਿਚ ਘੋਲ ਕੇ ਵਰਤੋ। ਬੀਜ ਨੂੰ 8 ਘੰਟੇ ਪਾਣੀ ਵਿਚ ਭਿਉਣ ਮਗਰੋਂ ਛਾਵੇਂ ਸੁਕਾ ਲਉ। ਬੀਜਣ ਤੋਂ ਪਹਿਲਾਂ 3 ਗ੍ਰਾਮ ਸਪਰਿੰਟ 75 ਡਬਲਯੂ ਐੱਸ ( ਮੈਨਕਜ਼ੇਬ+ਕਾਰਬੈਂਡਾਜਿਮ) ਨੂੰ 10-12 ਮਿਲੀਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਲੇਪ ਬਣਾ ਕੇ ਸੋਧ ਲਵੋ ਪਹਿਲਾ ਪਾਣੀ ਬਿਜਾਈ ਤੋਂ 21 ਦਿਨ ਬਾਦ ਲਾਓ। ਬਾਅਦ ਵਾਲੇ ਪਾਣੀ ਮੌਨਸੂਨ ਦੀ ਵਰਖਾ ਅਨੁਸਾਰ ਲਗਾਓ।ਇਸ ਤਕਨੀਕ ਨਾਲ ਪਾਣੀ ਦੀ ਬੱਚਤ ਤਾਂ ਹੁੰਦੀ ਹੀ ਹੈ ਪਹਿਲੇ ਪਾਣੀ ਵਿਚ ਦੇਰੀ ਨਾਲ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ। ਨਾਲ ਹੀ ਝੋਨੇ ਦੀਆਂ ਜੜਾਂ ਡੂੰਘੀਆਂ ਚਲੀਆਂ ਜਾਂਦੀਆਂ ਹਨ ਜਿਸ ਕਰਕੇ ਖੁਰਾਕੀ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਨਹੀਂ ਆਉਂਦੀ। ਇਸ ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਕੀਤੀ ਜਾ ਸਕਦੀ ਹੈ। ਇਸ ਤਕਨੀਕ ਨਾਲ ਝੋਨੇ ਦਾ ਉਤਪਾਦਨ ਕੱਦੂ ਕਰਕੇ ਪਨੀਰੀ ਲਾਉਣ ਵਾਲੀ ਤਕਨੀਕ ਦੇ ਬਰਾਬਰ ਹੀ ਹੁੰਦਾ ਹੈ। ਮਾਹਿਰਾਂ ਨੇ ਇਹ ਵੀ ਕਿਹਾ ਕਿ ਸਿੱਧੀ ਬਿਜਾਈ ਲਈ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਤਕਨੀਕ ਨਾਲ ਵੱਡੇ ਪੱਧਰ ਤੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।





















