ਚੰਡੀਗੜ੍ਹ 16 ਅਪ੍ਰੈਲ( ਵਿਸ਼ਵ ਵਾਰਤਾ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ , ਸਲਾਹਕਾਰ ਬਲਵਿੰਦਰ ਸਿੰਘ ਖੋਜਕੀਪੁਰ ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ , ਹਰਸ਼ਰਨ ਸਿੰਘ ਭਰਤਪੁਰ ਜੱਟਾਂ ਤੇ ਗੁਰਚਰਨ ਸਿੰਘ ਬਸਿਆਲਾ ਨੇ ਇੱਕ ਸ਼ਾਂਝੇ ਬਿਆਨ ਵਿੱਚ ਪਟਿਆਲਾ ਸਨੋਰ ਸਬਜ਼ੀ ਮੰਡੀ ਕਾਂਡ ਵਿੱਚ ਜੋ ਬਾਬਾ ਬਲਵਿੰਦਰ ਸਿੰਘ ਦੀ ਨਿਰਦੋਸ਼ ਫੜ੍ਹੀ ਗੲੀ ਬੀਬੀ ਅਤੇ ਤਿੰਨ ਹੋਰ ਨਿਰਦੋਸ਼ ਫੜ੍ਹੇ ਗਏ ਸਿੱਖਾਂ ਨੂੰ ਪੰਜਾਬ ਸਰਕਾਰ ਵਲੋਂ ਅੱਜ ਬਿਨਾਂ ਸ਼ਰਤ ਰਿਹਾਅ ਕਰਨ ਦੇ ਫੈਸਲੇ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਅਖ਼ੀਰ ਸੱਚ ਦੀ ਜਿੱਤ ਹੋਈ ਹੈ ।
ਸ ਭੋਮਾ ਤੇ ਜੰਮੂ ਨੇ ਦੱਸਿਆ ਕਿ ਕੱਲ ਤੇ ਅੱਜ ਉਹਨਾਂ ਦੀ ਇਸ ਰਿਹਾਈਆਂ ਸਬੰਧੀ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਟੈਲੀਫੋਨ ਤੇ ਗੱਲਬਾਤ ਚੱਲ ਰਹੀ ਸੀ ਕਿਉਂਕਿ ਨਿਰਦੋਸ਼ ਫੜ੍ਹੀਆਂ ਗੲੀਆਂ ਬੀਬੀਆਂ ਤੇ ਨਿਰਦੋਸ਼ ਫੜ੍ਹੇ ਗਏ ਸਿੱਖਾਂ ਸੰਬੰਧੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸਖ਼ਤ ਸਟੈਂਡ ਲਿਆ ਸੀ । ਉਹਨਾਂ ਕਿਹਾ ਪੰਜਾਬ ਸਰਕਾਰ ਤੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ ਤੇ ਬਰੀਕ ਅੱਖ ਰੱਖਣੀ ਚਾਹੀਦੀ ਹੈ ਤਾਂ ਜ਼ੋ ਪੰਜਾਬ ਵਿੱਚ ਅਮਨ-ਸ਼ਾਂਤੀ ਬਣੀ ਰਹੇ । ਉਹਨਾਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਫੜ੍ਹੇ ਗਏ ਭੁਪਿੰਦਰ ਸਿੰਘ ਸੱਜਣ ਦੀ ਵੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਹੈ ।