ਖਰੜ 16 ਅਪ੍ਰੈਲ( ਵਿਸ਼ਵ ਵਾਰਤਾ)- ਖਰੜ-ਇਲਾਕੇ ਦੇ ਟਕਸਾਲੀ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਵਜੋਂ ਅੱਜ ਰਸਮੀ ਤੌਰ ‘ਤੇ ਅਪਣਾ ਅਹੁਦਾ ਸੰਭਾਲ ਲਿਆ। ਉਹਨਾਂ ਦੇ ਨਾਲ ਹੀ ਵਾਈਸ ਚੇਅਰਮੈਨ ਮਾ. ਸੁਖਜੀਤ ਸਿੰਘ ਨੇ ਵੀ ਅਪਣਾ ਅਹੁਦਾ ਸੰਭਾਲਿਆ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੋਹਾਂ ਆਗੂਆਂ ਨੂੰ ਕੁਰਸੀਆਂ ਉਤੇ ਬਿਠਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ। ਖੇੜੀਬਾੜੀ ਵਿਭਾਗ ਦੇ ਮੁੱਖ ਸਕੱਤਰ ਸ.ਕਾਹਨ ਸਿੰਘ ਪੰਨੂ ਆਈ.ਏ.ਐਸ ਅਤੇ ਖਰੜ ਦੇ ਐਸ ਡੀ ਐਮ ਹਿਮਾਂਸ਼ੂ ਜੈਨ ਵੀ ਇਸ ਮੌਕੇ ਮੌਜੂਦ ਸਨ। ਸ੍ਰੀ ਮੱਛਲੀ ਕਲਾਂ ਨੇ ਅਹੁਦਾ ਸੰਭਾਲਣ ਮਗਰੋਂ ਅਪਣੇ ਸੰਬੋਧਨ ਵਿਚ ਕਿਹਾ ਕਿ ਉਹ ਅਪਣੀ ਨਿਯੁਕਤੀ ਲਈ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅਤੇ ਹਲਕੇ ਦੇ ਸੰਸਦ ਮੈਂਬਰ
ਸ੍ਰੀ ਮਨੀਸ਼ ਤਿਵਾੜੀ ਦਾ ਦਿਲੋਂ ਧਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਉਹ ਅਪਣੇ ਅਧਿਕਾਰਖੇਤਰ ਦੇ ਵਸਨੀਕ ਕਿਸਾਨਾਂ ਅਤੇ ਆਮ ਲੋਕਾਂ ਦੇ ਮਸਲੇ ਅਤੇ ਮੁਸ਼ਕਲਾਂ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਨੂੰ ਤਰਜੀਹ ਦੇਦਗੇ। ਉਹਨਾਂ ਕਿਹਾ ਕਿ ਇਸ ਵੇਲੇ ਉਹਨਾਂ ਦੀ ਪਹਿਲੀ ਤਰਜੀਹ ਅਤੇ ਜ਼ਿੰਮੇਵਾਰੀ ਖਰੜ ਮਾਰਕੀਟ ਕਮੇਟੀ ਅਧੀਨ ਆਉਂਦੇ ਖ਼ਰੀਦ ਕੇਂਦਰਾਂ ਵਿਚ ਫ਼ਸਲ ਦੀ ਖ਼ਰੀਦ ਨਿਰਵਿਘਨ ਤਰੀਕੇ ਨਾਲ ਮੁਕੰਮਲ ਕਰਾਉਣਾ ਹੋਵੇਗੀ। ਸ੍ਰੀ ਸ਼ਰਮਾ ਨੇ ਕਿਹਾ ਕਿ
ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿਤੀ ਜਾਵੇਗੀ ਅਤੇ ਕਣਕ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਅਹੁਦੇ ‘ਤੇ ਨਿਯੁਕਤੀ ਨਾਲ ਉਹਨਾਂ ਦਾ ਹੀ ਨਹੀਂ ਸਗੋਂ ਇਲਾਕੇ ਦੇ ਲੋਕਾਂ ਦਾ ਮਾਣ ਵਧਿਆ ਹੈ ਜਿਸ ਸਦਕਾ ਇਲਾਕਾ ਵਾਸੀਆਂ ਅੰਦਰ ਖ਼ੁਸ਼ੀ ਅਤੇ ਉਤਸ਼ਾਹ ਪੈਦਾ ਹੋਣਾ ਸੁਭਾਵਕ ਹੈ।
ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਮੱਛਲੀ ਕਲਾਂ ਪਿਛਲੇ ਲਗਭਗ 30 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਪੰਜਾਬ ਸਰਕਾਰ ਨੇ ਸ੍ਰੀ ਸ਼ਰਮਾ ਨੂੰ ਖਰੜ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਕੇ ਇਲਾਕੇ ਦੇ ਸਮੂਹ ਕਾਂਗਰਸੀ ਵਰਕਰਾਂ ਨੂੰ ਮਾਣ-ਸਤਿਕਾਰ ਬਖ਼ਸ਼ਿਆ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਸ੍ਰੀ ਸ਼ਰਮਾ ਅਤੇ ਮਾ. ਸੁਖਜੀਤ ਸਿੰਘ ਅਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ ਰਹਿਣਗੇ।