
ਮੁਲਾਜ਼ਮਾਂ ਦਾ ਮੈਡੀਕਲ ਚੈਕਅੱਪ ਕਰਵਾਕੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਕੇ ਮੌਕੇ ‘ਤੇ ਕੀਤਾ ਹੱਲ
ਮਾਨਸਾ, 16 ਅਪਰੈਲ (ਵਿਸ਼ਵ ਵਾਰਤਾ )- ਮਾਨਸਾ ਜ਼ਿਲ੍ਹੇ ਵਿੱਚ ਜਿਹੜੇ ਪੁਲੀਸ ਅਧਿਕਾਰੀ ਤੇ ਕਰਮਚਾਰੀ ਆਪਣੇ ਘਰਾਂ ਤੋਂ ਬਾਹਰ ਰਹਿਕੇ ਚੱਤੋ ਪਹਿਰ ਡਿਊਟੀ ਦੇ ਰਹੇ ਹਨ,ਹੁਣ ਉਨ੍ਹਾਂ ਨੂੰ ਤੇਜ਼ ਹਨੇਰੀਆਂ ਤੇ ਧੁੱਪਾਂ ਤੋਂ ਬਚਾਅ ਲਈ ਪ੍ਰਸ਼ਾਸਨ ਨੇ ਵਿਸ਼ੇਸ ਟੈਂਟ ਦਾ ਬੰਦੋਬਸ਼ਤ ਕੀਤਾ ਗਿਆ ਹੈ ਤਾਂ ਜੋ ਉਹ ਕਰੋਨਾ ਕਰਫਿਊ ਦੌਰਾਨ ਹੌਸਲਾ ਅਫ਼ਜਾਈ ਨਾਲ ਲੋਕਾਂ ਦੀ ਹਰ ਤਰ੍ਹਾਂ ਦੀ ਰਾਖੀ ਕਰ ਸਕਣ।ਇਨ੍ਹਾਂ ਟੈਂਟਾਂ ਅੰਦਰ ਪੁਲੀਸ ਵਾਲਿਆਂ ਲਈ ਹਰ ਸਮੇਂ ਪੀਣ ਵਾਲੇ ਪਾਣੀ, ਬਿਜਲੀ ਪੱਖੇ ਦੇ ਵਿਸ਼ੇਸ ਪ੍ਰਬੰਧ ਤੋਂ ਇਲਾਵਾ ਕਈ ਹੋਰ ਸਹੂਲਤਾਂ ਉਪਲਬੱਧ ਕਰਵਾਈਆਂ ਗਈਆਂ ਹਨ ਤਾਂ ਜੋ ਇਸ ਔਖੀ ਡਿਊਟੀ ਦੌਰਾਨ ਕਿਸੇ ਕਿਸਮ ਦੀਆਂ ਤਕੀਲਫ਼ਾਂ ਦਾ ਸਾਹਮਣਾ ਨਾ ਕੀਤਾ ਜਾ ਸਕੇ।
ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਪੁਲੀਸ ਵੱਲੋਂ ਜ਼ਿਲੇ ਅੰਦਰ ਫਲੈਗ ਮਾਰਚ, ਰੋਡ ਮਾਰਚ ਅਤੇ ਅਸਰਦਾਰ ਢੰਗ ਨਾਲ ਗਸ਼ਤਾਂ ਤੇ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜ਼ਿਲ੍ਹਾ ਵਾਸੀਆਂ ਨੂੰ ਆਪਣੇ-ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਾਵਧਾਨੀਆਂ ਦੀ ਵਰਤੋਂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਸ ਜੌਖਮ ਭਰੀ ਡਿਊਟੀ ਨੂੰ ਹੋਰ ਸੁਖਾਲਾ ਬਨਾਉਣ ਅਤੇ ਨਾਕਾ ਪੁਆਇੰਟਾਂ ‘ਤੇ ਤਾਇਨਾਤ ਕਰਮਚਾਰੀਆਂ ਨੂੰ ਧੁੱਪ ਤੇ ਮੀਂਹ-ਹਨੇਰੀ ਤੋਂ ਬਚਾਉਣ ਅਤੇ ਉਹਨਾਂ ਨੂੰ ਨਾਕਾ-ਪੁਆਇੰਟ ‘ਤੇ ਹੀ ਪੀਣ ਵਾਲੇ ਪਾਣੀ ਦੀ ਸੁਵਿਧਾ ਦੇਣ ਲਈ ਮਾਨਸਾ ਪੁਲੀਸ ਵੱਲੋਂ ਪਹਿਲਕਦਮੀ ਕਰਦੇ ਹੋਏ ਜ਼ਿਲ੍ਹੇ ਦੇ ਸਾਰੇ ਨਾਕਾ-ਪੁਆਇੰਟਾਂ ‘ਤੇ ਟੈਂਟ ਲਗਵਾਏ ਗਏ ਹਨ,ਜਿਸ ਵਿੱਚ ਪੀਣ ਵਾਲੇ ਸਾਫ-ਸੁਥਰੇ ਪਾਣੀ ਅਤੇ ਬਿਜਲੀ ਪੱਖੇ ਦਾ ਪ੍ਰਬੰਧ ਕੀਤਾ ਗਿਆ ਹੈ।
ਡਾ. ਭਾਰਗਵ ਨੇ ਦੱਸਿਆ ਕਿ ਪੁਲੀਸ ਫੋਰਸ ਨੂੰ ਮਾਸਕ,ਸਾਬਣ ਅਤੇ ਸੈਨੀਟਾਈਜ਼ਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਥ ਸਾਬਣ ਨਾਲ ਧੋਣ,ਸੈਨੀਟਾਈਜ਼ਰ ਦੀ ਵਰਤੋਂ ਕਰਨ,ਮਾਸਕ ਪਹਿਨਣ ਅਤੇ ਨਿਰਧਾਰਿਤ ਦੂਰੀ ਬਣਾਏ ਰੱਖਕੇ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਕਰਮਚਾਰੀਆਂ ਦਾ ਸਮੇਂ-ਸਮੇਂ ‘ਤੇ ਮੈਡੀਕਲ ਚੈਕਅੱਪ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਾਕਾ-ਪੁਆਇੰਟਾਂ ‘ਤੇ ਪਹੁੰਚ ਕੇ ਉਨ੍ਹਾਂ ਨੂੰ ਡਿਊਟੀ ਸਬੰਧੀ ਸੰਖੇਪ ਵਿੱਚ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀਆ ਸਮੱਸਿਆਵਾਂ ਸੁਣਕੇ ਬਣਦਾ ਯੋਗ ਹੱਲ ਕੀਤਾ ਜਾ ਰਿਹਾ ਹੈ ਤਾਂ ਜੋ ਪੁਲੀਸ ਕਰਮਚਾਰੀਆਂ ਦੀ ਸਿਹਤ ਠੀਕ ਰਹੇ ਅਤੇ ਗਰਮੀ ਦੇ ਸੀਜਨ ਦੌਰਾਨ ਡਿਊਟੀ ਪ੍ਰਤੀ ਕੋਈ ਮੁਸ਼ਕਲ ਪੇਸ਼ ਨਾ ਆਵੇ।





















