*ਕੇਜਰੀਵਾਲ ਸਰਕਾਰ ਦੇ ਹਵਾਲੇ ਨਾਲ ਦਿੱਤੇ ਕਈ ਸੁਝਾਅ*
*ਕੋਰੋਨਾ ਆਫ਼ਤ ਵਿਰੁੱਧ ਸਰਕਾਰਾਂ ਦੇ ਨਾਲ ਖੜੀ ਹੈ ‘ਆਪ’ -ਭਗਵੰਤ ਮਾਨ*
*ਚੰਡੀਗੜ੍ਹ, ਸੰਗਰੂਰ 14 ਅਪ੍ਰੈਲ 2020 ( ਵਿਸ਼ਵ ਵਾਰਤਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾਵਾਇਰਸ ਦੇ ਮੱਦੇਨਜ਼ਰ ਮੰਗਲਵਾਰ ਨੂੰ ਬੁਲਾਈ ਗਈ ਸਰਬ ਦਲ਼ੀ ਵੀਡੀਓ ਕਾਨਫ਼ਰੰਸ ‘ਚ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ‘ਚ ਬੈਠ ਕੇ ਹਿੱਸਾ ਲਿਆ। ਕਰੀਬ 3 ਘੰਟੇ ਚੱਲੀ ਇਸ ਮੀਟਿੰਗ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਮਾਨ ਦੇ ਨਾਲ ਬੈਠੇ।
ਭਗਵੰਤ ਮਾਨ ਨੇ ਕਣਕ ਦੀ ਵਾਢੀ ਦੇ ਮੱਦੇਨਜ਼ਰ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਦਰਪੇਸ਼ ਦਿੱਕਤਾਂ, ਗ਼ਰੀਬਾਂ, ਜ਼ਰੂਰਤਮੰਦਾਂ ਨੂੰ ਰਾਸ਼ਨ ਦੀ ਵੱਡੀ ਥੁੜ ਅਤੇ ਰਾਸ਼ਨ ਵੰਡਣ ਦੇ ਨਾਮ ‘ਤੇ ਹੋ ਰਹੀ ਸਿਆਸਤ ਅਤੇ ਵਿਤਕਰੇਬਾਜ਼ੀ ‘ਗਰਾਊਂਡ ਜ਼ੀਰੋ’ ‘ਤੇ ਕੋਰੋਨਾ ਨਾਲ ਲੜ ਰਹੇ ਸਫ਼ਾਈ ਸੇਵਕਾਂ, ਆਸ਼ਾ ਤੇ ਆਂਗਣਵਾੜੀ ਵਰਕਰਾਂ, ਐਂਬੂਲੈਂਸ ਡਰਾਈਵਰਾਂ, ਨਰਸਾਂ, ਡਾਕਟਰਾਂ ਸਮੇਤ ਸਾਰੇ ਸਿਹਤ ਕਰਮੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਮਨਰੇਗਾ ਕਾਮਿਆਂ, ਪ੍ਰਾਈਵੇਟ ਬੈਂਕਾਂ ਵੱਲੋਂ ਕਿਸ਼ਤਾਂ ਲਈ ਪਾਇਆ ਗਿਆ ਦਬਾਅ, ਪ੍ਰਾਈਵੇਟ ਕੰਪਨੀਆਂ ਵੱਲੋਂ ਆਪਣੇ ਵਰਕਰਾਂ ਦੀ ਕੱਟੀ ਜਾ ਰਹੀ ਤਨਖ਼ਾਹ ਅਤੇ ਪ੍ਰਾਈਵੇਟ ਸਕੂਲਾਂ ਵੱਲੋਂ ਟੀਚਰਾਂ ਨੂੰ ਤਨਖ਼ਾਹ ਦੇਣ ਲਈ ਸਰਕਾਰ ਕੋਲ ਪਈ ਉਨ੍ਹਾਂ ਦੀ ਸਕਿਉਰਿਟੀ ਰਾਸ਼ੀ ਵਾਪਸ ਕਰਨ ਵਰਗੇ ਕਈ ਹੋਰ ਮਸਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ‘ਚ ਲਿਆਂਦੇ।
ਭਗਵੰਤ ਮਾਨ ਨੇ ਕਿਹਾ ਕਿ ਇਸ ਔਖੀ ਘੜੀ ‘ਚ ਕਿਸੇ ਵੱਲੋਂ ਵੀ ਕਿਸੇ ਤਰਾਂ ਦੀ ਸਿਆਸਤ ਜਾਂ ਵਿਤਕਰੇਬਾਜ਼ੀ ਨਹੀਂ ਹੋਣੀ ਚਾਹੀਦੀ। ਭਗਵੰਤ ਮਾਨ ਨੇ ਮੁੱਖ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਕੋਰੋਨਾ ਦੀ ਬਿਮਾਰੀ ਨੂੰ ਹਰ ਹੀਲੇ ਰੋਕਣ ਲਈ ਆਮ ਆਦਮੀ ਪਾਰਟੀ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਲ ਖੜੀ ਹੈ। ਬਸ਼ਰਤੇ ਸਰਕਾਰਾਂ ਧਰਾਤਲ ਪੱਧਰ ‘ਤੇ ਪੁਖ਼ਤਾ ਕਦਮ ਉਠਾਉਣ। ਮਾਨ ਨੇ ਕਿਹਾ ਕਿ ਅਜੇ ਠੋਸ ਤਰੀਕੇ ਬਹੁਤ ਸਾਰੇ ਫ਼ੈਸਲੇ ਲਾਗੂ ਕਰਨੇ ਪੈਣਗੇ, ਕਿਉਂਕਿ ਹੁਣ ਤੱਕ ਪ੍ਰਭਾਵਸ਼ਾਲੀ ਅਮਲ ਦੀ ਥਾਂ ਸਿਆਸਤ ਭਾਰੂ ਹੈ।
ਮਾਨ ਨੇ ਮੰਡੀਆਂ ਲਈ ਸ਼ੈਲਰਾਂ ਅਤੇ ਮਨਰੇਗਾ ਲੇਬਰ ਦੇ ਇਸਤੇਮਾਲ ਦਾ ਸੁਝਾਅ ਦਿੱਤਾ। ਇਹ ਵੀ ਮੰਗ ਰੱਖੀ ਕਿ ਮਨਰੇਗਾ ਕਾਮਿਆਂ ਦੇ ਖਾਤਿਆਂ ‘ਚ 50 ਦਿਨਾਂ ਦੀ ਐਡਵਾਂਸ ਦਿਹਾੜੀ ਤੁਰੰਤ ਪਾਈ ਜਾਵੇ।
ਭਗਵੰਤ ਮਾਨ ਨੇ ਕੋਰੋਨਾ ਵਿਰੁੱਧ ਮੈਦਾਨ ‘ਚ ਸਿੱਧੀ ਲੜਾਈ ਲੜ ਰਹੇ ਨਰਸਾਂ-ਡਾਕਟਰਾਂ ਸਮੇਤ ਸਾਰੇ ਯੋਧਿਆਂ ਨੂੰ ਕੇਜਰੀਵਾਲ ਅਤੇ ਖੱਟਰ ਸਰਕਾਰ ਦੀ ਤਰਜ਼ ‘ਤੇ ਲਾਭ ਭੱਤੇ, ਬੀਮਾ ਕਵਰ ਦਿੱਤੇ ਜਾਣ। ਨਾਲ ਹੀ ਸੁਰੱਖਿਅਤ ਪੀਪੀਈ ਕਿੱਟਾਂ ਤੇ ਲੋੜੀਂਦਾ ਸਾਜੋ-ਸਮਾਨ ਦਿੱਤਾ ਜਾਵੇ। ਕੋਰੋਨਾ ਦੀ ਵੱਡੇ ਪੱਧਰ ‘ਤੇ ਜਾਂਚ (ਟੈਸਟਿੰਗ) ‘ਤੇ ਜ਼ੋਰ ਦਿੰਦੇ ਹੋਏ ਮਾਨ ਨੇ ਕਿਹਾ ਕਿ ਅਮਰੀਕਾ ਤੋਂ ਸਬਕ ਲੈਂਦੇ ਹੋਏ ਕੋਰੋਨਾ ਟੈੱਸਟ ਘਰਾਂ, ਪਿੰਡਾਂ ਅਤੇ ਮੁਹੱਲਿਆਂ ‘ਚ ਜਾ ਕੇ ਖ਼ੁਦ ਕੀਤੇ ਜਾਣ ਨਾ ਕਿ ਲੋਕਾਂ ਨੂੰ ਹਸਪਤਾਲ ‘ਚ ਬੁਲਾਇਆ ਜਾਵੇ।
ਮਾਨ ਨੇ ਪੀਐਸਪੀਸੀਐਲ ਵੱਲੋਂ ਬਿਜਲੀ ਦੇ ਬਿਲ ਪਿਛਲੇ ਸਾਲ ਦੇ ਅੰਦਾਜ਼ੇ ਨਾਲ ਭੇਜੇ ਜਾਣ ਦੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਐਤਕੀਂ ਨਾ ਮੌਸਮ ਦਾ ਮਿਜ਼ਾਜ ਪਿਛਲੇ ਸਾਲ ਵਰਗਾ ਹੈ ਅਤੇ ਨਾ ਹੀ ਹਾਲਾਤ । ਉਨ੍ਹਾਂ ਘਰਾਂ ਸਮੇਤ ਸਾਰੇ ਛੋਟੇ ਵੱਡੇ ਉਦਯੋਗਾਂ ਤੇ ਵਪਾਰਕ ਕੁਨੈਕਸ਼ਨਾਂ ‘ਤੇ ਫਿਕਸਡ ਚਾਰਜਿਜ਼ ਦੀ ਛੋਟ ਦੀ ਮੰਗ ਵੀ ਰੱਖੀ।
ਮਾਨ ਨੇ ਮੁੱਖ ਮੰਤਰੀ ਨੂੰ ਐਮਪੀਲੈਡ ‘ਤੇ 2 ਸਾਲਾਂ ਦੀ ਰੋਕ ਦਾ ਮੁੱਦਾ ਪ੍ਰਧਾਨ ਮੰਤਰੀ ਕੋਲ ਉਠਾਉਣ ਦੀ ਮੰਗ ਰੱਖੀ। ਮਾਨ ਨੇ ਕਿਹਾ ਕਿ ਸਰਕਾਰ ਸਾਰੀਆਂ ਸ਼ਰਤਾਂ ਜਾਂ ਰਾਸ਼ਨ ਕਾਰਡਾਂ ਤੋਂ ਉੱਤੇ ਉੱਠ ਕੇ ਹਰੇਕ ਲੋੜਵੰਦ ਨੂੰ ਪ੍ਰਸ਼ਾਸਨ ਰਾਹੀਂ ਬਿਨਾ ਕਿਸੇ ਪੱਖਪਾਤ ਪਹੁੰਚਾਉਣ ਦੀ ਮੰਗ ਕੇਜਰੀਵਾਲ ਸਰਕਾਰ ਦੀ ਮਿਸਾਲ ਦੇ ਕੇ ਕੀਤੀ।