ਚੰਡੀਗੜ੍ਹ 13 ਅਪ੍ਰੈਲ( ਵਿਸ਼ਵ ਵਾਰਤਾ)-ਪੰਚਾਇਤ ਵਿਭਾਗ ਸ਼ਹਿਣਾ ਦੇ ਸਮੂਹ ਮੁਲਾਜ਼ਮਾਂ ਦੀ ਹੰਗਾਮੀ ਮੀਟਿੰਗ ਕਰਨ ਉਪਰੰਤ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਸ਼ਹਿਣਾ ਵਿਖੇ ਕੰਮਕਾਜ (ਸਮੇਤ ਕੋਰੋਨਾ ਵਾਇਰਸ ਸਬੰਧੀ ਕੰਮ) ਠੱਪ ਕਰਕੇ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਦੇ ਕੇ ਨਾਅਰੇਬਾਜ਼ੀ ਕਰਕੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਇਸ ਸਬੰਧੀ ਦਿੰਦਿਆਂ ਜੇ.ਈ. ਚੈਂਚਲ ਸਿੰਘ, ਪੰਚਾਇਤ ਸਕੱਤਰ ਜਗਦੇਵ ਸਿੰਘ ਨੇ ਦੱਸਿਆ ਕਿ ਪਿੰਡ ਸ਼ਹਿਣਾ ਦੀ ਸਰਪੰਚਣੀ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਵੱਲੋਂ ਸੈਕਟਰੀ ਜਗਦੇਵ ਸਿੰਘ ਦੀ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਨੇ ਪੰਚਾਇਤ ਸਕੱਤਰ ਜਗਦੇਵ ਸਿੰਘ ਦੀ ਸਰਕਾਰੀ ਡਿਉਟੀ ਵਿੱਚ ਵਿਘਨ ਪਾਉਂਦਿਆਂ ਪੱਗ ਲਾਹ ਕੇ ਕੁੱਟਮਾਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਵਾਰ-ਵਾਰ ਮਿਲਣ ਤੋਂ ਬਾਅਦ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਇਹ ਧਰਨਾ ਦੇਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਕੰਮਕਾਜ (ਸਮੇਤ ਕੋਰੋਨਾ ਵਾਇਰਸ ਸਬੰਧੀ ਕੰਮ) ਠੱਪ ਉਨ੍ਹਾਂ ਸਮਾਂ ਰਹੇਗਾ, ਜਿੰਨ੍ਹਾਂ ਸਮਾਂ ਗ੍ਰਿਫਤਾਰੀ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਪੰਚਾਇਤ ਵਿਭਾਗ ਦੀ ਸਟੇਟ ਯੂਨੀਅਨ ਵੱਲੋਂ ਇਸ ਮਾਮਲੇ ਪੂਰੀ ਤਰਾਂ ਨਾਲ ਖੜ੍ਹੀ ਹੈ ਅਤੇ ਸਟੇਟ ਯੂਨੀਅਨ ਵੱਲੋਂ ਅੱਜ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ, ਆਈ.ਜੀ, ਡੀ.ਆਈ.ਜੀ. ਤੋਂ ਇਲਾਵਾ ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਬਰਨਾਲਾ ਨੂੰ ਮੈਮੋਰੰਡਮ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਟੇਟ ਯੂਨੀਅਨ ਵੱਲੋਂ ਕਿਸੇ ਸਮੇਂ ਵੀ ਪੰਜਾਬ ਭਰ ਵਿੱਚ ਕੰਮਕਾਜ ਠੱਪ ਕਰਕੇ ਸੂਬਾ ਪੱਧਰੀ ਧਰਨੇ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਧਰਨੇ ਸਬੰਧੀ ਜ਼ਿਲਾ ਪੰਚਾਇਤ ਤੇ ਵਿਕਾਸ ਅਫਸਰ ਸੰਜੀਵ ਕੁਮਾਰ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਰੁਣ ਜਿੰਦਲ ਨੇ ਧਰਨਾਕਾਰੀਆਂ ਨਾਲ ਤਾਲਮੇਲ ਕਰਨ ਉਪਰੰਤ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਗ੍ਰਿਫਤਾਰ ਕਰਨ ਲਈ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਮੰਗਲਵਾਰ ਤੱਕ ਸੁਖਵਿੰਦਰ ਸਿੰਘ ਕਲਕੱਤਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਇਸ ਦਿੱਤੇ ਭਰੋਸੇ ਤੋਂ ਬਾਅਦ ਮੁਲਾਜ਼ਮਾਂ ਨੇ ਮੀਟਿੰਗ ਕਰਕੇ ਧਰਨਾ ਮੁਲਤਵੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੰਗਲਵਾਰ ਤੱਕ ਸੁਖਵਿੰਦਰ ਸਿੰਘ ਕਲਕੱਤਾ ਦੀ ਗ੍ਰਿਫਤਾਰੀ ਨਾ ਹੋਈ ਤਾਂ ਉਹ ਬੁੱਧਵਾਰ ਤੋਂ ਅਣਮਿਥੇ ਸਮੇਂ ਲਈ ਜ਼ਿਲਾ ਪੱਧਰੀ ਧਰਨਾ ਬਰਨਾਲਾ ਵਿਖੇ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮਹਿਲ ਕਲਾਂ ਬਲਾਕ ਦੇ ਪੰਚਾਇਤ ਸਕੱਤਰ ਸੁਖਦੀਪ ਸਿੰਘ, ਸ਼ਹਿਣਾ ਬਲਾਕ ਦੇ ਪੰਚਾਇਤ ਸਕੱਤਰ ਮਨਜੀਤ ਕੁਮਾਰ, ਚਰਨਜੀਤ ਸਿੰਘ, ਸਤਵਿੰਦਰ ਬਿੱਟੀ, ਜਸਪਿੰਦਰ ਸਿੰਘ, ਰਹੀਸ਼ ਕੁਮਾਰ, ਸਤਨਾਮ ਸਿੰਘ, ਗੁਰਦੀਪ ਸਿੰਘ (ਸਾਰੇ ਪੰਚਾਇਤ ਸਕੱਤਰ), ਨਰੇਗਾ ਵਿਭਾਗ ਦੇ ਸੁਖਚੈਨ ਸਿੰਘ, ਜੁਲਫ ਅਲੀ, ਗੁਰਮੇਲ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਦਾਸ, ਜਸਮੀਤ ਸਿੰਘ, ਜੇ.ਈ. ਪਰਮਿੰਦਰ ਸਿੰਘ, ਏ.ਪੀ.ਓ. ਹਰਦੇਵ ਸਿੰਘ ਆਦਿ ਹਾਜ਼ਰ ਸਨ।