ਸੁਖਪਾਲ ਖਹਿਰਾ ਨੂੰ ਅਹੁਦੇ ਤੋਂ ਹਟਾਉਣ ਲਈ ਅਕਾਲੀ-ਭਾਜਪਾ ਡੇਲੀਗੇਸ਼ਨ ਨੇ ਵਿਧਾਨ ਸਭਾ ਸਪੀਕਰ ਨੂੰ ਦਿਤਾ ਮੈਮੋਰੰਡਮ 

165
Advertisement

ਚੰਡੀਗੜ, 2 ਨਵੰਬਰ (ਵਿਸ਼ਵ ਵਾਰਤਾ)- ਅਕਾਲੀ-ਭਾਜਪਾ ਦੇ ਇੱਕ ਸਾਂਝੇ ਵਫ਼ਦ ਨੇ ਅੱਜ ਵਿਧਾਨ ਸਭਾ ਸਪੀਕਰ ਨੂੰ ਇੱਕ ਮੈਮੋਰੰਡਮ ਦਿੰਦਿਆਂ ਮੰਗ ਕੀਤੀ ਕਿ ਆਪ ਆਗੂ ਸੁਖਪਾਲ ਖਹਿਰਾ ਨੂੰ ਤੁਰੰਤ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਜਾਵੇ। ਵਫਦ ਨੇ ਇਹ ਖ਼ਦਸ਼ਾ ਵੀ ਜ਼ਾਹਿਰ ਕੀਤਾ ਕਿ ਕਾਂਗਰਸ ਸਰਕਾਰ ਖਹਿਰਾ ਨੂੰ ਗਿਰਫਤਾਰ ਕਰਨ ਨੂੰ ਲੈ ਕੇ ਗੰਭੀਰ ਨਹੀਂ ਹੈ।
ਸ ਅਜੀਤ ਸਿੰਘ ਕੋਹਾੜ ਅਤੇ ਸ੍ਰੀ ਸੋਮਨਾਥ ਦੀ ਅਗਵਾਈ ਵਿਚ ਗਏ ਸਾਂਝੇ ਵਫ਼ਦ ਨੇ ਸਪੀਕਰ ਕੇਪੀ ਸਿੰਘ ਨੂੰ ਸੁਖਪਾਲ ਖਹਿਰਾ ਉੱਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਗੈਂਗ ਦਾ ਸਰਗਨਾ ਹੋਣ ਦੇ ਲੱਗੇ ਨਿਆਂਇਕ ਦੋਸ਼ ਪੱਤਰ ਦੀ ਗੰਭੀਰਤਾ ਨੂੰ ਵੇਖਦਿਆਂ ਉਸ ਵਿਰੁੱਧ ਤੁਰੰਤ ਕਾਰਵਾਈ ਕਰਨ ਲਈ ਆਖਿਆ।
ਇਸ ਮੁੱਦੇ ਉੱਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਪੀਕਰ ਨੇ ਡੇਲੀਗੇਸ਼ਨ ਨਾਲ ਸਹਿਮਤੀ ਜਤਾਈ ਹੈ ਕਿ ਖਹਿਰਾ ਦੀ ਸ਼ਰਮਨਾਕ ਹਰਕਤ ਨੇ ਸਦਨ ਦੇ ਅਕਸ ਉੱਤੇ ਧੱਬਾ ਲਾਇਆ ਹੈ ਅਤੇ ਉਹਨਾਂ ਜਲਦੀ ਇਸ ਮਸਲੇ ਉੱਤੇ ਗੌਰ ਕਰਨ ਦਾ ਭਰੋਸਾ ਦਿਵਾਇਆ।
ਸ ਮਜੀਠੀਆ ਨੇ ਕਿਹਾ ਕਿ ਇੱਥੋਂ ਤਕ ਅਦਾਲਤ ਨੇ ਵੀ ਸੁਖਪਾਲ ਖਹਿਰਾ ਖ਼ਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਕਾਂਗਰਸ ਸਰਕਾਰ ਉਸ ਵਿਰੁੱਧ ਕਾਰਵਾਈ ਕਰਨ ਤੋਂ ਪੈਰ ਪਿੱਛੇ ਖਿੱਚ ਰਹੀ ਹੈ। ਕਾਂਗਰਸ ਸਰਕਾਰ ਨੂੰ ਖਹਿਰਾ ਨਾਲ ਨਰਮੀ ਭਰਿਆ ਵਰਤਾਓ ਨਾ ਕਰਨ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਪ ਆਗੂ ਨੂੰ ਤੁਰੰਤ ਗਿਰਫਤਾਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਖਹਿਰਾ ਖ਼ਿਲਾਫ ਸਪਲੀਮੈਂਟਰੀ ਚਲਾਨ ਤਾਂ ਹੀ ਪੇਸ਼ ਕੀਤਾ ਜਾ ਸਕਦਾ ਹੈ, ਜੇਕਰ ਉਸ ਦੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾਂਦੀ ਹੈ।
ਅਕਾਲੀ ਆਗੂ ਨੇ ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਚੁੱਪ ਕਿਉਂ ਧਾਰੀ ਬੈਠਾ ਹੈ ਅਤੇ ਉਸ ਨੇ ਖਹਿਰਾ ਨੂੰ ਨਿਰਦੇਸ਼ ਕਿਉਂ ਨਹੀ ਦਿੱਤਾ ਕਿ ਉਹ ਖੁਦ ਨੂੰ ਕਾਨੂੰਨ ਦੇ ਹਵਾਲੇ ਕਰ ਦੇਵੇ। ਉਹਨਾਂ ਕਿਹਾ ਕਿ ਕੇਜਰੀਨਾਲ ਇਹ ਕਹਿਣ ਦਾ ਸ਼ੌਕੀਨ ਹੈ ਕਿ ਉਹ ਪੰਜਾਬ ਨੂੰ ਨਸ਼ਾ-ਮੁਕਤ ਕਰੇਗਾ। ਕੀ ਉਹ ਖਹਿਰਾ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦਾ ਫੈਸਲਾ ਲੈ ਕੇ ਘੱਟੋ ਘੱਟ ਆਪ ਦੇ ਪੰਜਾਬ ਵਿਧਾਨ ਸਭਾ ਯੂਨਿਟ ਨੂੰ ਨਸ਼ਾ-ਮੁਕਤ ਕਰੇਗਾ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਇਸ ਦਾ ਇਹੀ ਅਰਥ ਹੋਵੇਗਾ ਕਿ ਨਸ਼ਾ-ਤਸਕਰੀ ਦਾ ਪੈਸਾ ਦੇ ਕੇ ਉਸ ਨੂੰ ਵੀ ਚੁੱਪ ਕਰਾ ਦਿੱਤਾ ਗਿਆ ਹੈ।
ਸ ਮਜੀਠੀਆ ਨੇ ਖਹਿਰਾ ਨੂੰ ਵੀ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਨੂੰ ਇਸ ਲਈ ਗਲਤ ਕਹਿ ਕੇ ਅਦਾਲਤ ਦਾ ਅਪਮਾਨ ਨਾ ਕਰੇ, ਕਿਉਂਕਿ ਉਹ ਉਸ ਦੇ ਵਿਰੁੱਧ ਜਾਰੀ ਹੋਏ ਹਨ। ਉਹਨਾਂ ਕਿਹਾ ਕਿ ਤੁਹਾਡੇ ਵਿਰੁੱਧ ਜਾਰੀ ਹੋਇਆ ਤਾਜ਼ਾ ਹੁਕਮ ਜਿਸ ਵਿਚ

ਤੁਹਾਨੂੰ ਇੱਕ ਪਾਕਿਸਤਾਨੀ ਕੜੀਆਂ ਵਾਲੇ ਕੌਮਾਂਤਰੀ  ਨਸ਼ਾ ਰੈਕਟ ਦਾ ਸਰਗਨਾ ਹੋਣ ਦਾ ਦੋਸ਼ੀ ਮੰਨਿਆ ਗਿਆ ਹੈ,ਬਹੁਤ ਹੀ ਮਜ਼ਬੂਤ ਸਬੂਤਾਂ ਤੇ ਆਧਾਰਿਤ ਹੈ। ਇਸ ਸਭ ਕੁੱਝ ਦਾ ਰਿਕਾਰਡ ਪਿਆ ਹੈ। ਤੁਹਾਡੀ ਖੇਡ ਖਤਮ ਹੋ ਗਈ ਹੈ। ਤੁਹਾਨੂੰ ਭੱਜਣ ਲਈ ਕੋਈ ਥਾਂ ਨਹੀਂ ਹੈ, ਇਸ ਲਈ ਤੁਸੀਂ ਆਪਣਾ ਨਿਰਾਸ਼ਾ ਨਿਆਂਇਕ ਪ੍ਰਕਿਰਿਆ  ਉੱਤੇ ਦੋਸ਼ ਲਾ ਕੇ ਕੱਢ ਰਹੇ ਹੋ।

ਇਸ ਡੇਲੀਗੇਸ਼ਨ ਵਿਚ ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ, ਪਰਮਿੰਦਰ ਸਿੰਘ ਢੀਂਡਸਾ, ਸ਼ਰਨਜੀਤ ਸਿੰਘ ਢਿੱਲੋਂ, ਪਵਨ ਕੁਮਾਰ ਟੀਨੂੰ, ਐਨ ਕੇ ਸ਼ਰਮਾ, ਗੁਰਪ੍ਰਤਾਪ ਸਿੰਘ ਵਡਾਲਾ, ਲਖਬੀਰ ਸਿੰਘ ਲੋਧੀਨੰਗਲ, ਬਲਦੇਵ ਸਿੰਘ ਖਹਿਰਾ, ਦਿਲਰਾਜ ਸਿੰਘ ਭੂੰਦੜ,

ਕੰਵਰਜੀਤ ਸਿੰਘ ਬਰਕੰਦੀ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਡਾਕਟਰ ਸੁਖਵਿੰਦਰ ਸੁਖੀ ਵੀ ਸ਼ਾਮਿਲ ਸਨ।