ਜਿਨਸੀ ਸ਼ੋਸ਼ਣ ਪੀੜਤ ਬਾਬਾ ਫਰੀਦ ਮੈਡੀਕਲ ਯੂਨੀਵਰਸਟੀ ਦੀ ਮਹਿਲਾ ਡਾਕਟਰ ਲਈ ਇਨਸਾਫ ਅਤੇ ਕਿਸਾਨ ਆਗੂ ਦੀ ਰਿਹਾਈ ਖਾਤਰ ਕਿਸਾਨਾਂ ਵੱਲੋਂ ਪੰਜਾਬ ‘ਚ ਥਾਂ-ਥਾਂ ਰੋਸ ਧਰਨੇ
ਚੰਡੀਗੜ੍ਹ 20 ਦਸੰਬਰ ਬਾਬਾ ਫਰੀਦ ਮੈਡੀਕਲ ਯੂਨੀਵਰਸਟੀ ਫਰੀਦਕੋਟ ਦੇ ਇੱਕ ਉੱਚ ਅਧਿਕਾਰੀ ਡਾ: ਸੰਜੇ ਗੁਪਤਾ ਦੁਆਰਾ ਜਿਨਸੀ ਸ਼ੋਸ਼ਣ ਤੋਂ ਪੀੜਤ ਮਹਿਲਾ ਡਾਕਟਰ ਦੇ ਬਹੁਚਰਚਿਤ ਮਾਮਲੇ ‘ਚ ਪੀੜਤਾ ਲਈ ਇਨਸਾਫ ਅਤੇ ਜੇਲ ਡੱਕੇ ਕਿਸਾਨ ਆਗੂ ਰਾਜਿੰਦਰ ਸਿੰਘ ਦੀ ਰਿਹਾਈ ਅਤੇ ਸੰਬਧਿਤ ਮੰਗਾਂ ਨੂੰ ਲੈ ਕੇ ਅੱਜ ਕੜਾਕੇ ਦੀ ਠੰਡ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ‘ਚ ਡੀ.ਸੀ./ਐਸ.ਡੀ.ਐਮ. ਦਫ਼ਤਰਾਂ ਅੱਗੇ ਰੋਸ ਧਰਨੇ ਲਾਏ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਪ੍ਰੈਸ ਰਿਲੀਜ਼ ‘ਚ ਦੱਸਿਆ ਗਿਆ ਕਿ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ, ਫਰੀਦਕੋਟ, ਮੁਕਤਸਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਖੇ ਡੀ.ਸੀ. ਦਫ਼ਤਰਾਂ ਅਤੇ ਫਤਹਿਗੜ੍ਹ ਚੂੜੀਆਂ (ਗੁਰਦਾਸਪੁਰ), ਪਾਇਲ (ਲੁਧਿਆਣਾ), ਜੀਰਾ (ਫਿਰੋਜ਼ਪੁਰ), ਜਲਾਲਾਬਾਦ (ਫਾਜਿਲਕਾ), ਵਿਖੇ ਐਸ.ਡੀ.ਐਮ. ਦਫ਼ਤਰਾਂ ਅੱਗੇ ਔਰਤਾਂ ਸਮੇਤ ਭਾਰੀ ਗਿਣਤੀ ‘ਚ ਇਕੱਠੇ ਹੋ ਕੇ ਕਿਸਾਨਾਂ ਮਜ਼ਦੂਰਾਂ ਨੇ ਮੰਗਾਂ ਦੇ ਹੱਕ ਵਿੱਚ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਅਤੇ ਪੰਜਾਬ ਸਰਕਾਰ ਵਿਰੁੱਧ ਰੋਹ-ਭਰਪੂਰ ਨਾਹਰੇ ਲਾਏ। ਮੌਕੇ ਦੇ ਉੱਚ-ਅਧਿਕਾਰੀਆਂ ਨੂੰ ਪੰਜਾਬ ਦੇ ਮੁਖ ਮੰਤਰੀ ਨੂੰ ਭੇਜਣ ਲਈ ਸੌਂਪੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਕਿ ਮਹਿਲਾ ਡਾਕਟਰ ਵੱਲੋਂ ਨਾਮਜਦ ਜਿਨਸੀ ਸ਼ੋਸ਼ਣ ਦੇ ਦੋਸ਼ੀ ਡਾ: ਸੰਜੇ ਗੁਪਤਾ ਵਿਰੁੱਧ ਮੁਜਰਮਾਨਾ ਕੇਸ ਤੁਰੰਤ ਦਰਜ ਕੀਤਾ ਜਾਵੇ। ਇਸ ਖਾਤਰ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਦੇ ਇਕੱਠ ‘ਤੇ 7 ਦਸੰਬਰ ਨੂੰ ਕੀਤੇ ਗਏ ਲਾਠੀਚਾਰਜ/ਅੱਥਰੂ ਗੈਸ ਹਮਲੇ ਮੌਕੇ ਮੜ੍ਹਿਆ ਨਜਾਇਜ਼ ਕੇਸ ਰੱਦ ਕੀਤਾ ਜਾਵੇ ਅਤੇ ਨਜ਼ਰਬੰਦ ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ। 8 ਦਸੰਬਰ ਨੂੰ ਗ੍ਰਿਫਤਾਰੀ ਵਿਰੁੱਧ ਰੋਸ ਪ੍ਰਗਟਾ ਰਹੀਆਂ 6 ਔਰਤਾਂ ਸਣੇ ਪੀੜਤ ਮਹਿਲਾ ਡਾਕਟਰ ਨੂੰ ਥਾਣੇ ਅੰਦਰ ਲਿਜਾ ਕੇ ਕੁੱਟਮਾਰ ਕਰਨ ਦੇ ਦੋਸ਼ੀ ਪੁਲਿਸ ਅਧਿਕਾਰੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਵੱਲੋਂ ਧਰਨਾਕਾਰੀਆਂ ਦਾ ਜ਼ਬਤ ਕੀਤਾ ਸਾਰਾ ਸਾਮਾਨ ਵਾਪਸ ਕੀਤਾ ਜਾਵੇ ਅਤੇ ਭੰਨਤੋੜ ਦਾ ਮੁਆਵਜ਼ਾ ਦਿੱਤਾ ਜਾਵੇ। ਵੱਖ-ਵੱਖ ਥਾਂਈਂ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਨਰਲ ਸਕੱਤਰ ਤੋਂ ਇਲਾਵਾ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਸਮੇਤ ਜ਼ਿਲਿਆ ਦੇ ਪ੍ਰਧਾਨ/ਸਕੱਤਰ ਸ਼ਾਮਲ ਸਨ। ਬੁਲਾਰਿਆਂ ਨੇ 20 ਅਗਸਤ ਤੋਂ ਲੈ ਕੇ ਇਸ ਮਸਲੇ ਨੂੰ ਮਹੀਨਿਆਂ ਬੱਧੀ ਜਾਣਬੁੱਝ ਕੇ ਲਮਕਾਉਣ ਅਤੇ ਹੱਕੀ ਸੰਘਰਸ਼ ਨੂੰ ਨਹੱਕੇ ਜਬਰ ਰਾਹੀਂ ਦਬਾਉਣ ਦੇ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਅਤੇ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕਰਦੇ ਹੋਏ ਉੱਕਤ ਹੱਕੀ ਮੰਗਾਂ ਤੁਰੰਤ ਮੰਨਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਤੰਤਰ ਦੇ ਇਸ ਗੈਰ ਜ਼ਿੰਮੇਵਾਰ ਵਿਹਾਰ ਪਿੱਛੇ ਸਿਆਸੀ ਮਕਸਦ ਹੈ ਕਿ ਕਿਸਾਨਾਂ ਮਜ਼ਦੂਰਾਂ ਦੇ ਜਾਨਲੇਵਾ ਕਰਜ਼ਿਆਂ ਤੇ ਖੁਦਕੁਸ਼ੀਆਂ ਸਮੇਤ ਪਰਾਲੀ, ਅਵਾਰਾ ਪਸ਼ੂ ਆਦਿ ਅਨੇਕਾਂ ਭਖਦੇ ਮਸਲਿਆਂ ‘ਤੇ ਚੱਲ ਰਹੇ ਸੰਘਰਸ਼ਾਂ ਤੋਂ ਧਿਆਨ ਪਾਸੇ ਹਟਾਈ ਰੱਖਿਆ ਜਾਵੇ। ਬੁਲਾਰਿਆਂ ਨੇ ਪੂਰੇ ਦੇਸ਼ ਵਿੱਚ ਸੱਤਾਧਾਰੀਆਂ ਦੁਆਰਾ ਔਰਤਾਂ ਵਿਰੁੱਧ ਘਿਨਾਉਣੇ ਜੁਰਮਾਂ ਦੇ ਦੋਸ਼ੀ ਉੱਚ ਅਸਰ-ਰਸ਼ੂਖਵਾਨਾਂ ਦੀ ਸਰਪ੍ਰਸਤੀ ਕਾਰਨ ਦਿਨੋਂ ਦਿਨ ਵਧ ਰਹੇ ਅਜਿਹੇ ਅਣਮਨੁੱਖੀ ਕਾਰਿਆਂ ਉੱਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਹੈਦਰਾਬਾਦ ਪੁਲਸ ਕਮਿਸ਼ਨਰ ਵੱਲੋਂ ਅਜਿਹੇ ਇੱਕ ਦੋ ਕੇਸਾਂ ‘ਚ ਸ਼ਾਮਲ ਆਮ ਲੋਕਾਂ ਨੂੰ ਫਰਜ਼ੀ ਪੁਲਸ ਮੁਕਾਬਲਿਆਂ ਰਾਹੀਂ ਮਾਰ ਮੁਕਾਉਣ ਦੁਆਰਾ ਅਨੇਕਾਂ ਸਾਂਸਦਾਂ, ਮਹੰਤਾਂ, ਭੇਖੀ ਸਾਧੂਆਂ ਸਮੇਤ ਕਈ ਹੋਰਾਂ ਦੇ ਕਈ ਵੱਡੇ ਗੁਨਾਹਾਂ ਉੱਤੇ ਪਰਦਾ ਪਾਉਣ ਅਤੇ ਝੂਠੇ ਪੁਲਿਸ ਮੁਕਾਬਲਿਆਂ ਲਈ ਜਨਤਕ-ਮਾਨਤਾ ਹਾਸਲ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ। ਬੁਲਾਰਿਆਂ ਨੇ ਇਨ੍ਹਾਂ ਸੱਤਾਧਾਰੀ ਸਾਜ਼ਿਸ਼ਾਂ ਨੂੰ ਚਕਨਾਚੂਰ ਕਰਕੇ ਅਜਿਹੇ ਘਿਨਾਉਣੇ ਔਰਤ ਵਿਰੋਧੀ ਜੁਰਮਾਂ ਨੂੰ ਪੱਕੀ ਠੱਲ੍ਹ ਪਾਉਣ ਲਈ ਸਮੂਹ ਕਿਰਤੀ/ਕਿਸਾਨਾਂ/ਮਜ਼ਦੂਰਾਂ ਨੂੰ ਸੰਘਰਸ਼ਾਂ ਦੇ ਪਿੜ ਮੱਲਣ ਦਾ ਹੋਕਾ ਦਿੱਤਾ।