‘ਨਾਰੀ ਦਾ ਸਨਮਾਨ, ਨਸ਼ਿਆਂ ਦੇ ਤਿਆਗ, ਆਓ ਸਿਰਜੀਏ ਨਵਾਂ ਪੰਜਾਬ’ ਦੇ ਬੈਨਰ ਹੇਠ
ਕਰਵਾਇਆ ਜਾਵੇਗਾ ਪੰਜਾਬ ਰਾਜ ਯੁਵਕ ਮੇਲਾ
ਸੂਬਾ ਸਰਕਾਰ ਵੱਲੋਂ ‘ਪੰਜਾਬ ਯੂਥ ਆਈਕਨ’ ਅਤੇ ‘ਪੰਜਾਬ ਯੂਥ ਅਚੀਵਰਜ਼’ ਪੁਰਸਕਾਰ ਦੇਣ ਦਾ ਐਲਾਨ
ਪੰਜਾਬ ਦੇ ਹਰ ਪਿੰਡ ਅਤੇ ਕਸਬੇ ਤੋਂ ਯੂਥ ਕਲੱਬਾਂ ਦੇ 15000 ਤੋਂ ਵੱਧ ਨੌਜਵਾਨ ਕਰਨਗੇ ਸ਼ਮੂਲੀਅਤ
ਚੰਡੀਗੜ੍ਹ, 14 ਦਸੰਬਰ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਸੂਬੇ ‘ਚ ਪਹਿਲੀ ਵਾਰ ਨਵੀਂ ਅਤੇ ਵਿਲੱਖਣ ਸੋਚ ਨਾਲ ਨੌਜਵਾਨਾਂ ਵਿੱਚ ਅਨੌਖਾ ਵਿਕਾਸ ਮੁਖੀ ਰੰਗ ਭਰਨ ਲਈ 23 ਤੇ 24 ਦਸੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਦੋ ਰੋਜ਼ਾ ‘ਪੰਜਾਬ ਰਾਜ ਯੁਵਕ ਮੇਲਾ-2019’ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ।
ਕੈਬਨਿਟ ਮੰਤਰੀ ਨੇ ਇਸ ਮੌਕੇ ਪੱਤਰਕਾਰਾਂ ਨੂੰ ਰਾਜ ਪੱਧਰੀ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਪੰਜਾਬ ਦੀ ਸਿਰਜਣਾ ਵਿੱਚ ਨੌਜਵਾਨਾਂ ਦੀ ਭਰਪੂਰ ਸ਼ਮੂਲੀਅਤ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਧੀਆਂ ਦੇ ਸਨਮਾਨ ਨੂੰ ਸਨਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਹ ਵਿਸ਼ੇਸ਼ ਸਮਾਗਮ ‘ਨਾਰੀ ਦਾ ਸਨਮਾਨ, ਨਸ਼ਿਆਂ ਦਾ ਤਿਆਗ, ਆਓ ਸਿਰਜੀਏ ਨਵਾਂ ਪੰਜਾਬ’ ਬੈਨਰ ਹੇਠ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਨੌਜਵਾਨਾਂ ਨੂੰ ਦੁਨੀਆ ਭਰ ਵਿੱਚ ਸਾਇੰਸ, ਤਕਨਾਲੋਜੀ ਦੇ ਖੇਤਰ ਵਿੱਚ ਹੋ ਰਹੀਆਂ ਨਵੀਨਤਮ ਖੋਜਾਂ ਤੋਂ ਜਾਣੂੰ ਕਰਵਾਉਣ ਲਈ ਸਾਇੰਸ ਤਕਨਾਲੋਜੀ ਦੀਆਂ ਨਵੀਂਆਂ ਕਾਢਾਂ ‘ਤੇ ਆਧਾਰਿਤ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ ਅਤੇ ਇਸ ਖੇਤਰ ਵਿੱਚ ਹੋ ਰਹੀਆਂ ਉਪਲਬਧੀਆਂ ਸਬੰਧੀ ਪ੍ਰਾਜੈਕਟ ਦਰਸਾਏ ਜਾਣਗੇ। ਇਸੇ ਖੇਤਰ ਨਾਲ ਸਬੰਧਤ ਹੋਰ ਜਾਣਕਾਰੀ ਦੇਣ ਲਈ ਉਚ ਕੋਟੀ ਦੇ ਵਿਗਿਆਨੀ ਨੌਜਵਾਨਾਂ ਨੂੰ ਸੰਬੋਧਨ ਕਰਨਗੇ।
ਰਾਣਾ ਸੋਢੀ ਨੇ ਦੱਸਿਆ ਕਿ ਇਸ ਸਮਾਗਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਪੰਜਾਬ ਦੇ ਹਰ ਪਿੰਡ ਅਤੇ ਕਸਬੇ ਤੋਂ ਯੂਥ ਕਲੱਬਾਂ ਦੇ 15000 ਤੋਂ ਵੱਧ ਨੌਜਵਾਨ ਯੁਵਕ ਮੇਲੇ ਵਿੱਚ ਸ਼ਮੂਲੀਅਤ ਕਰਨਗੇ, ਜਿਨ੍ਹਾਂ ਰਾਹੀਂ ਸੂਬੇ ਦੇ ਹੋਰਨਾਂ ਨੌਜਵਾਨਾਂ ਤੱਕ ਵੀ ਨਵੀਂ ਸੇਧ, ਨਵੀਂ ਉਮੀਦ ਅਤੇ ਨਵੀਂ ਸਵੇਰ ਦਾ ਸੁਨੇਹਾ ਪੁੱਜਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਰੌਸ਼ਨ ਕਰਨ ਵਾਲੀਆਂ ਮਾਣਮੱਤੀਆਂ ਧੀਆਂ ਨੂੰ ਸਨਮਾਨ ਅਤੇ ਹੱਲਾਸ਼ੇਰੀ ਦੇਣ ਲਈ ਵੱਖ-ਵੱਖ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਪੰਜਾਬੀ ਮੁਟਿਆਰਾਂ ਨੂੰ ਰਾਜ ਪੱਧਰੀ ਪੁਰਸਕਾਰ ਦਿੱਤੇ ਜਾਣਗੇ ਅਤੇ ਨਾਰੀ ਸਸ਼ਕਤੀਕਰਨ ਵਿਸ਼ੇ ‘ਤੇ ਸੈਮੀਨਾਰ ਅਤੇ ਵਿਚਾਰ ਗੋਸ਼ਟੀਆਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਖੇਡਾਂ, ਸਿਵਲ ਸੇਵਾਵਾਂ, ਵਿਗਿਆਨ, ਤਕਨਾਲੋਜੀ, ਸੁਰੱਖਿਆ ਦਸਤਿਆਂ, ਖੇਤੀਬਾੜੀ ਅਤੇ ਵਪਾਰ, ਸੱਭਿਆਚਾਰ, ਸਾਹਿਤਕ, ਸਿਨੇਮਾ, ਸੰਗੀਤ, ਮੀਡੀਆ ਆਦਿ ਖੇਤਰਾਂ ਵਿੱਚ ਜਿਹੜੇ ਮਾਣ ਮੱਤੇ ਪੰਜਾਬੀ ਨੌਜਵਾਨਾਂ ਨੇ ਵੱਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ, ਦੀ ਹੌਸਲਾ ਅਫਜ਼ਾਈ ਲਈ ‘ਪੰਜਾਬ ਯੂਥ ਅਚੀਵਰਜ਼’ ਪੁਰਸਕਾਰ ਦਿੱਤੇ ਜਾਣਗੇ ਅਤੇ ਹੋਰ ਖੇਤਰਾਂ ਵਿੱਚ ਵਿਸ਼ੇਸ਼ ਉਪਲਬਧੀਆਂ ਹਾਸਿਲ ਕਰ ਕੇ ਰੋਲ ਮਾਡਲ ਬਣ ਕੇ ਉਭਰੇ ਨੌਜਵਾਨਾਂ ਨੂੰ ‘ਪੰਜਾਬ ਯੂਥ ਆਈਕਨ’ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।
ਰਾਣਾ ਸੋਢੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸਮਾਗਮ ਦੌਰਾਨ ‘ਕਰੀਅਰ ਸਮਿਟ’ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ‘ਚ ਵਿਸ਼ੇਸ਼ ਗੋਸ਼ਟੀ ਦੌਰਾਨ ਡਿਫ਼ੈਂਸ, ਸਿਵਲ ਸਰਵਿਸਿਜ਼, ਉਦਯੋਗ ਮਾਹਿਰ, ਅੰਬੈਸੀਆਂ ਦੇ ਅਧਿਕਾਰੀ ਅਤੇ ਹੋਰ ਵੱਖ-ਵੱਖ ਖੇਤਰਾਂ ਦੇ ਮਾਹਿਰ ਨੌਜਵਾਨਾਂ ਦੇ ਰੂ-ਬਰੂ ਹੋ ਕੇ ਖੇਤਰ ‘ਚ ਰੋਜ਼ਗਾਰ ਪ੍ਰਾਪਤੀ ਸਬੰਧੀ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਬਾਰ੍ਹਵੀਂ ਦੀ ਸਿੱਖਿਆ ਤੋਂ ਬਾਅਦ ਸਹੀ ਕਿੱਤਾ ਚੁਣਨ ਸਬੰਧੀ ਨੌਜਵਾਨਾਂ ਦਾ ਮਾਰਗ ਦਰਸ਼ਨ ਕਰਨਗੇ। ਇਸੇ ਤਰ੍ਹਾਂ ‘ਪੰਜਾਬ ਇਨੋਵੇਸ਼ਨ ਐਕਸਪੋ’ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਫਾਈਲ ਕੀਤੇ ਪੇਟੰਟ, ਸਟਾਰਟਅੱਪ, ਵਿਗਿਆਨਕ ਅਤੇ ਤਕਨੀਕੀ ਖੋਜਾਂ ਸਬੰਧੀ ਪ੍ਰਦਰਸ਼ਨੀ ਲਗਾਈ ਜਾਵੇਗੀ।
ਖੇਡ ਮੰਤਰੀ ਨੇ ਦੱਸਿਆ ਕਿ ਯੁਵਕ ਮੇਲੇ ਦੌਰਾਨ ਸੂਬਾ ਸਰਕਾਰ ਵੱਲੋਂ ਵਿਗਿਆਨ ਸਮਿੱਟ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਾਇੰਸਦਾਨ, ਵਿਸ਼ਾ ਮਾਹਿਰ, ਬੁੱਧੀਜੀਵੀ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਨਾਲ ਰੂ-ਬਰੂ ਹੋਣਗੇ। ਇਸ ਦੌਰਾਨ ਵਿਗਿਆਨ ਤੇ ਤਕਨਾਲੋਜੀ ਨਾਲ ਜੁੜੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਪੰਜਾਬੀ ਵਿਰਾਸਤ ਨੂੰ ਦਰਸਾਉਂਦੀ ‘ਪੰਜਾਬੀ ਵਿਰਸਾ’ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ‘ਚ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ, ਪੇਂਡੂ ਕਲੱਬਾਂ ਤੋਂ ਨੌਜਵਾਨ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਵੰਨਗੀਆਂ ਤੇ ਕਲਾਕ੍ਰਿਤੀਆਂ ਪੇਸ਼ ਕਰਨਗੇ ਅਤੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਸਾਹਿਤਕ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਪ੍ਰਫੁਲਿਤ ਕਰਨ ਲਈ ਸਮਾਗਮ ਦੌਰਾਨ ‘ਆਵਾਜ਼-ਏ-ਪੰਜਾਬ’ ਹੁਨਰ ਵਿਕਾਸ ਸ਼ੋਅ ਵੀ ਕਰਵਾਇਆ ਜਾਵੇਗਾ, ਜਿਸ ਨੂੰ 18 ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਇਸ ਵਿੱਚ ਸੂਬੇ ਭਰ ਤੋਂ ਆਏ ਨੌਜਵਾਨਾਂ ਦੇ ਵੱਖ-ਵੱਖ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ।