ਮੱਘਰ ਮਹੀਨੇ ਦੇ ਅਖੀਰਲੇ ਦਿਨਾਂ ਵਿਚ ਇੰਦਰ ਦੇਵਤਾ ਬੁਹੜਿਆ
ਮਾਨਸਾ, 12 ਦਸੰਬਰ (ਵਿਸਵ ਵਾਰਤਾ)- ਮਾਲਵਾ ਪੱਟੀ ਵਿਚ ਮੱਘਰ ਦਾ ਮਹੀਨਾ ਸੁੱਕਾ ਲੰਘਣ ਤੋਂ ਬਾਅਦ ਹੁਣ ਅਖੀਰਲੇ ਦਿਨਾਂ ‘ਚ ਮੀਂਹ ਵਰਸਣਾ ਸ਼ੁਰੂ ਹੋ ਗਿਆ ਹੈ। ਇਸ ਮੀਂਹ ਨਾਲ ਖੁੱਸ਼ਕੀ ਚੱਕੀ ਗਈ ਹੈ। ਮੈਡੀਕਲ ਮਾਹਿਰ ਖੁੱਸ਼ਕ ਠੰਡ ਨੂੰ ਵੀ ਮਨੁੱਖਾਂ ਲਈ ਖ਼ਤਰਨਾਕ ਦੱਸਦੇ ਸਨ, ਜਦੋਂ ਕਿ ਖੇਤੀ ਵਿਗਿਆਨੀ ਮੀਂਹ ਨਾ ਪੈਣ ਨੂੰ ਹਾੜੀ ਦੀਆਂ ਸਾਰੀਆਂ ਫ਼ਸਲਾਂ ਲਈ ਖੜ੍ਹੌਤ ਮੰਨਣ ਲੱਗ ਪਏ ਸਨ। ਤਾਜ਼ਾ ਪਏ ਇਸ ਮੀਂਹ ਨੇ ਖੇਤਾਂ ਵਿਚ ਅੱਜ ਸਾਮ ਨੂੰ ਹੀ ਲਹਿਰਾਂ-ਬਹਿਰਾਂ ਲਾ ਦਿੱਤੀਆਂ ਹਨ।
ਖੇਤੀਬਾੜੀ ਵਿਭਾਗ ਦੇ ਮਾਨਸਾ ਸਥਿਤ ਜਿਲ੍ਹਾ ਅਫਸਰ ਡਾ. ਗੁਰਮੇਲ ਸਿੰਘ ਚਾਹਲ ਨੇ ਇਸ ਮੀਂਹ ਨੂੰ ਕਣਕ ਸਮੇਤ ਹੋਰ ਸਾਰੀਆਂ ਹਾੜੀ ਦੀਆਂ ਫ਼ਸਲਾਂ ਨੂੰ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਜੇ ਤੱਕ ਹਾੜੀ ਦੀਆਂ ਫ਼ਸਲਾਂ ਨੂੰ ਹੋਰ ਮੀਂਹ ਦੀ ਲੋੜ ਹੈ, ਪਰ ਜਿਸ ਰੂਪ ‘ਚ ਮੌਸਮ ਵਿਭਾਗ ਤੋਂ ਸੂਚਨਾਵਾਂ ਮਿਲ ਰਹੀਆਂ ਹਨ, ਉਸ ਹਿਸਾਬ ਨਾਲ ਅਗਲੇ ਦਿਨਾਂ ਵਿਚ ਹੋਰ ਵੀ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ। ਡਾ. ਚਾਹਲ ਦਾ ਕਹਿਣਾ ਹੈ ਕਿ ਮੀਂਹ ਤੋਂ ਬਿਨਾਂ ਕਣਕ ਦੀ ਫ਼ਸਲ ਦਾ ਫੁਟਾਰਾ ਨਹੀਂ ਹੁੰਦਾ ਅਤੇ ਇਹ ਫੁਟਾਰਾ ਹੀ ਹਾੜੀ ਦੀ ਇਸ ਮੁੱਖ ਫ਼ਸਲ ਦੇ ਭਰਵੇਂ ਝਾੜ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਇਹ ਮੀਂਹ ਦੱਖਣੀ ਪੰਜਾਬ ਅਤੇ ਉਸਦੇ ਨਾਲ ਲੱਗਦੇ ਹਰਿਆਣਾ ਖੇਤਰ ਦੇ ਬਰਾਨੀ ਖੇਤਾਂ ਵਿਚ ਖੜ੍ਹੀਆਂ ਸਰੋਂ, ਛੋਲੇ ਅਤੇ ਜੌਂਆਂ ਦੀਆਂ ਫ਼ਸਲਾਂ ਲਈ ਵੀ ਘਿਓ ਬਣਕੇ ਵਰਿਆ ਹੈ। ਖੇਤੀ ਮਾਹਿਰ ਦਾ ਇਹ ਵੀ ਕਹਿਣਾ ਹੈ ਕਿ ਬੇਸ਼ੱਕ ਮਾਲਵਾ ਪੱਟੀ ਵਿਚ ਇਸ ਵੇਲੇ ਪੂਰੀ ਸਰਦੀ ਪੈ ਰਹੀ ਹੈ, ਪਰ ਇਹ ਸੁੱਕੀ ਠੰਡ ਉਨਾਂ ਚਿਰ ਤੱਕ ਫ਼ਸਲਾਂ ਲਈ ਲਾਭਦਾਇਕ ਨਹੀਂ ਮੰਨੀ ਜਾਂਦੀ, ਜਿੰਨ੍ਹਾਂ ਚਿਰ ਤੱਕ ਕਣੀਆਂ ਦੇ ਰੂਪ ਵਿਚ ਨਿਰਮਲ ਪਾਣੀ ਫ਼ਸਲਾਂ ਉਤੇ ਨਹੀਂ ਡਿੱਗਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਅਜੇ ਤੱਕ ਭਰਵੀਂ ਵਰਖਾ ਨਾ ਹੋਣ ਕਾਰਨ ਕਿਸਾਨਾਂ ਸਮੇਤ ਖੇਤੀ ਮਾਹਿਰ ਚਿੰਤਾ ਵਿਚ ਸਨ, ਪਰ ਅੱਜ ਅਚਾਨਕ ਮਾਲਵਾ ਪੱਟੀ ਵਿਚ ਸ਼ੁਰੂ ਹੋਏ ਹਲਕੇ-ਫੁਲਕੇ ਮੀਂਹ ਨਾਲ ਹੁਣ ਫ਼ਸਲਾਂ ਦੇ ਚੰਗੇ ਝਾੜ ਦੀ ਉਮੀਦ ਬੱਝ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਰੀਆਂ ਫ਼ਸਲਾਂ ਹੀ ਮੀਂਹ ਮੰਗ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਸ ਅੰਬਰੀ ਪਾਣੀ ਨਾਲ ਫ਼ਸਲਾਂ ਦੇ ਪੱਤੇ ਧੋਤੇ ਜਾਂਦੇ ਹਨ ਅਤੇ ਉਸ ਉਪਰਲੀ ਗਰਦ, ਮਿੱਟੀ, ਧੂੜ ਲਹਿ ਜਾਂਦੀ ਹੈ, ਜਿਸ ਕਰਕੇ ਫ਼ਸਲਾਂ ਦਾ ਆਪ ਮੁਹਾਰੇ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ।
ਫੋਟੋ ਕੈਪਸ਼ਨ: ਮੀਂਹ ਤੋਂ ਬਾਅਦ ਦੂਰ ਤੱਕ ਕਣਕ ਦੇ ਖੇਤਾਂ ਵਿਚ ਹਰੇਵਾਈ ਛਾਈ ਹੋਈ ਵਿਖਾਈ ਦਿੰਦੀ ਹੋਈ। ਫੋ