- ਦੁੱਧ ਪਰਖ ਕੈਂਪ ’ਚ 62 ਨਮੂਨਿਆਂ ਦੀ ਕੀਤੀ ਗਈ ਜਾਂਚ
ਐਸ.ਏ.ਐਸ. ਨਗਰ, 12 ਦਸੰਬਰ (ਡਾ. ਦੀਪਕ ਸਿੰਗਲਾ, ਵਿਸ਼ਵ ਵਾਰਤਾ) : ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਲਾਏ ਗਏ ਦੁੱਧ ਪਰਖ ਕੈਂਪ ਦੌਰਾਨ 17 ਨਮੂਨਿਆਂ ’ਚ ਪਾਣੀ ਦੀ ਮਿਲਾਵਟ ਪਾਈ ਗਈ। ਡੇਅਰੀ ਤਕਨੀਸ਼ੀਅਨ ਸ. ਦਰਸ਼ਨ ਸਿੰਘ ਨੇ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਮੋਹਾਲੀ ਦੇ ਸੈਕਟਰ-69 ਵਿਖੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਦੁੱਧ ਪਰਖ ਕੈਂਪ ਲਾਇਆ ਗਿਆ ਅਤੇ ਮੋਬਾਈਲ ਲੈਬਾਰਟਰੀ ਵਿੱਚ ਖਪਤਕਾਰਾਂ ਵੱਲੋਂ ਲਿਆਂਦੇ ਗਏ ਦੁੱਧ ਦੇ 62 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨਾਂ ਦੇ ਲਿਖਤੀ ਨਤੀਜੇ ਮੌਕੇ ’ਤੇ ਹੀ ਖਪਤਕਾਰਾਂ ਨੂੰ ਸੌਂਪ ਦਿੱਤੇ ਗਏ। ਉਨਾਂ ਦੱਸਿਆ ਕਿ ਹਾਲਾਂਕਿ 45 ਨਮੂਨੇ ਮਿਆਰਾਂ ਅਨੁਸਾਰ ਪਾਏ ਗਏ ਪਰ 17 ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਮਿਲੀ ਜਿਸ ਦੀ ਮਿਕਦਾਰ 11 ਤੋਂ 30 ਫ਼ੀਸਦੀ ਤੱਕ ਸੀ। ਉਨਾਂ ਦੱਸਿਆ ਕਿ ਕਿਸੇ ਨਮੂਨੇ ਵਿੱਚ ਹਾਨੀਕਾਰਕ ਕੈਮੀਕਲ ਜਾਂ ਬਾਹਰੀ ਪਦਾਰਥ ਨਹੀਂ ਮਿਲਿਆ।
ਉਨਾਂ ਦੱਸਿਆ ਕਿ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮਨੋਰਥ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸ ਦੀ ਅਹਿਮੀਅਤ, ਖ਼ਰੀਦ ਕੀਤੇ ਦੁੱਧ ਵਿੱਚ ਮੌਜੂਦ ਤੱਤਾਂ ਅਤੇ ਇਸ ਵਿੱਚ ਸੰਭਾਵਿਤ ਮਿਲਾਵਟ ਬਾਰੇ ਜਾਣਕਾਰੀ ਦੇਣਾ ਹੈ ਕਿਉਂ ਜੋ ਜਾਗਰੂਕ ਖਪਤਕਾਰ ਹੀ ਦੁੱਧ ਵਿੱਚ ਮਿਲਾਵਟ ਦੇ ਰੁਝਾਨ ਨੂੰ ਖ਼ਤਮ ਕਰ ਸਕਦਾ ਹੈ। ਉਨਾਂ ਕਿਹਾ ਕਿ ਕੈਂਪਾਂ ਦੌਰਾਨ ਖਪਤਕਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਖ਼ਰੀਦੇ ਗਏ ਦੁੱਧ ਵਿੱਚ ਮੌਜੂਦ ਤੱਤ ਉਨਾਂ ਵੱਲੋਂ ਖ਼ਰਚੀ ਕੀਮਤ ਦਾ ਮੁੱਲ ਮੋੜਦੇ ਹਨ ਜਾਂ ਨਹੀਂ। ਕੈਂਪ ਦੇ ਇੰਚਾਰਜ ਡੇਅਰੀ ਤਕਨੀਸ਼ੀਅਨ ਨੇ ਦੱਸਿਆ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਵੀ ਦੁੱਧ ਦੀ ਪਰਖ ਮੁਫ਼ਤ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਦੁੱਧ ਪਰਖ ਕੈਂਪ ਲੁਆਉਣ ਲਈ ਵਿਭਾਗ ਦੇ ਜ਼ਿਲਾ ਪੱਧਰੀ ਦਫ਼ਤਰ ਜਾਂ ਹੈਲਪਲਾਈਨ ਨੰਬਰ 0172-2219276 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਕੈਂਪ ਦੌਰਾਨ ਡੇਅਰੀ ਵਿਕਾਸ ਬੋਰਡ ਦੇ ਅਮਲੇ ਤੋਂ ਇਲਾਵਾ ਕਰਮ ਸਿੰਘ ਮਾਵੀ, ਅਵਤਾਰ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ, ਆਰ.ਪੀ. ਸ਼ਰਮਾ, ਅਸ਼ੋਕ ਅਰੋੜਾ, ਕਿਰਪਾਲ ਸਿੰਘ, ਪਰਮਿੰਦਰ ਸਿੰਘ, ਸ਼ਮਿੰਦਰ ਸਿੰਘ, ਸ਼ਰਨਜੀਤ ਸਿੰਘ, ਮਨਦੀਪ ਸਿੰਘ , ਹਰਦੇਵ ਸਿੰਘ ਸਣੇ ਕਈ ਪਤਵੰਤੇ ਹਾਜ਼ਰ ਸਨ।