ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ-2019 : ਜਾਪਾਨ, ਸੰਯੁਕਤ ਅਰਬ ਅਮੀਰਾਤ, ਇੰਗਲੈਂਡ ਤੇ ਜਰਮਨੀ ਦੇ ਸਨਅਤਕਾਰ ਕਰਨਗੇ ਆਪਣੇ ਤਜਰਬੇ ਸਾਂਝੇ

Advertisement


ਡਿਪਟੀ ਕਮਿਸ਼ਨਰ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਤੇ ਉੱਚ ਅਧਿਕਾਰੀਆਂ ਦੀਆਂ ਡਿੳੂਟੀਆਂ ਲਾਈਆਂ
ਸਾਰੇ ਸੈਸ਼ਨਾਂ ਦਾ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਹੋਵੇਗਾ ਲਾਈਵ ਪ੍ਰਸਾਰਨ
ਐਸ.ਏ.ਐਸ. ਨਗਰ, 4 ਦਸੰਬਰ
ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਸੈਕਟਰ-81 ਵਿੱਚ 5 ਤੇ 6 ਦਸੰਬਰ ਨੂੰ ਹੋ ਰਹੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ-2019 ਵਿੱਚ ਜਾਪਾਨ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਇੰਗਲੈਂਡ ਤੇ ਜਰਮਨੀ ਤੋਂ ਮੋਹਰੀ ਸਨਅਤਕਾਰ ਪੁੱਜ ਰਹੇ ਹਨ। ਵੱਖ ਵੱਖ ਦੇਸ਼ਾਂ ਦੇ ਸੈਸ਼ਨਾਂ ਦੌਰਾਨ ਭਾਈਵਾਲ ਮੁਲਕਾਂ ਦੇ ਨੁਮਾਇੰਦੇ ਆਪਣੇ ਮੁਲਕਾਂ ਤੇ ਪੰਜਾਬ ਸੂਬੇ ਵਿਚਾਲੇ ਤਾਲਮੇਲ ਦੇ ਮੌਕਿਆਂ ਤੇ ਸੰਭਾਵਨਾਵਾਂ ਨੂੰ ਉਜਾਗਰ ਕਰਨਗੇ।
ਪ੍ਰਬੰਧਾਂ ਦੀ ਸਮੀਖਿਆ ਅਤੇ ਉੱਚ ਅਧਿਕਾਰੀਆਂ ਨੂੰ ਵੱਖ ਵੱਖ ਜ਼ਿੰਮੇਵਾਰੀਆਂ ਸੌਂਪਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੰਜਾਬ ਨੇ ਰਾਜ ਵਿੱਚ ਸਨਅਤੀਕਰਨ ਨੂੰ ਹੋਰ ਹੁਲਾਰਾ ਦੇਣ ਲਈ ਜਾਪਾਨ, ਸੰਯੁਕਤ ਅਰਬ ਅਮੀਰਾਤ, ਇੰਗਲੈਂਡ ਤੇ ਜਰਮਨੀ ਵਰਗੇ ਕਈ ਮੁਲਕਾਂ ਨਾਲ ਭਾਈਵਾਲੀ ਕੀਤੀ ਹੈ। ਇਨਾਂ ਮੁਲਕਾਂ ਦੇ ਕੌਮਾਂਤਰੀ ਸਨਅਤਕਾਰਾਂ ਨੇ ਪਹਿਲਾਂ ਹੀ ਪੰਜਾਬ ਵਿੱਚ ਨਿਵੇਸ਼ ਵਧਾਉਣ ਵਿੱਚ ਆਪਣੀ ਰੁਚੀ ਪ੍ਰਗਟਾਈ ਹੈ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ, ਐਸ.ਡੀ.ਐਮ. ਜਗਦੀਪ ਸਹਿਗਲ ਅਤੇ ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਸ੍ਰੀ ਰਾਜੇਸ਼ ਧੀਮਾਨ ਨਾਲ ਸੰਮੇਲਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਸਰਕਾਰ ਦਾ ਮੁੱਖ ਮੰਤਵ ਛੋਟੇ, ਲਘੂ ਤੇ ਦਰਮਿਆਨੇ ਉਦਯੋਗਾਂ ਨੂੰ ਵਿਕਸਤ ਹੋਣ ਲਈ ਢੁਕਵੇਂ ਮੌਕੇ ਮੁਹੱਈਆ ਕਰਨਾ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਵਿਕਸਤ ਹੋਣ ਦੇ ਸਮਰੱਥ ਹੋਰ ਸਨਅਤਾਂ ਦੀ ਵੀ ਪਛਾਣ ਕੀਤੀ ਗਈ ਹੈ। ਸੰਮੇਲਨ ਦੌਰਾਨ ਜਿੱਥੇ ਪੰਜਾਬ ਦੇ ਸਨਅਤਕਾਰ ਆਪਣੇ ਤਜਰਬੇ ਸਾਂਝੇ ਕਰਨਗੇ, ਉਥੇ ਸਨਅਤੀ ਮੋਹਰੀਆਂ ਨਾਲ ਬਹਿਸ ਮੁਬਾਹਿਸੇ ਦੇ ਸੈਸ਼ਨ ਵੀ ਹੋਣਗੇ ਤਾਂ ਕਿ ਉਨਾਂ ਦੇ ਸਬੰਧਤ ਖੇਤਰ ਦੀਆਂ ਲੋੜਾਂ ਤੇ ਮੰਗਾਂ ਨੂੰ ਸਮਝਿਆ ਜਾ ਸਕੇ। ਇਨਾਂ ਸੈਸ਼ਨਾਂ ਦੌਰਾਨ ਖੇਤੀਬਾੜੀ ਤੇ ਫੂਡ ਪ੍ਰਾਸੈਸਿੰਗ, ਸਿਹਤ ਸੰਭਾਲ, ਕੱਪੜਾ, ਸੈਰ ਸਪਾਟਾ, ਆਈ.ਟੀ., ਸਟਾਰਟਅੱਪਜ਼ ਤੇ ਛੋਟੇ, ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਚਰਚਾ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਮੇਲਨ ਦੌਰਾਨ ਹੋਣ ਵਾਲੇ ਸਾਰੇ ਸੈਸ਼ਨਾਂ ਦਾ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਸਿੱਧਾ ਪ੍ਰਸਾਰਨ ਹੋਵੇਗਾ। ਉਨਾਂ ਕਿਹਾ ਕਿ ਸੰਮੇਲਨ ਦੌਰਾਨ ਮੋਹਰੀ ਸਨਅਤਕਾਰਾਂ ਤੋਂ ਇਲਾਵਾ ਉੱਭਰਦੇ ਉੱਦਮੀਆਂ, ਵਿਦੇਸ਼ੀ ਸਫ਼ਾਰਤਖਾਨਿਆਂ ਤੋਂ ਵੀ ਅਧਿਕਾਰੀ ਪੁੱਜਣਗੇ। ਸੰਮੇਲਨ ਦਾ ਵਿਸ਼ਾ ‘ਕੌਮਾਂਤਰੀ ਉਦਯੋਗ ਲੜੀ ਵਿੱਚ ਛੋਟੇ, ਲਘੂ ਤੇ ਦਰਮਿਆਨੇ ਉਦਯੋਗਾਂ ਦੇ ਚਹੁੰ ਪੱਖੀ ਵਿਕਾਸ ਲਈ ਭਾਈਵਾਲੀ ਵਧਾਉਂਦਿਆਂ’ ਹੈ। ਉਨਾਂ ਕਿਹਾ ਕਿ ਸਰਕਾਰ ਸਥਾਨਕ ਉੱਦਮੀਆਂ ਦੀ ਸਫ਼ਲਤਾ ਦੀਆਂ ਕਹਾਣੀਆਂ ਨੂੰ ਪੇਸ਼ ਕਰਨ ਲਈ ਵੀ ਆਦਰਸ਼ ਪਲੇਟਫਾਰਮ ਦੇ ਰਹੀ ਹੈ। ਇਸ ਤੋਂ ਇਲਾਵਾ ਰਾਜ ਵਿੱਚ ਨਿਵੇਸ਼ ਲਈ ਮੌਜੂਦ ਮੌਕਿਆਂ ਬਾਰੇ ਵੀ ਦੱਸਿਆ ਜਾਵੇਗਾ।
ਸ੍ਰੀ ਦਿਆਲਨ ਨੇ ਕਿਹਾ ਕਿ ਸੰਮੇਲਨ ਦੌਰਾਨ ਲੱਗਣ ਵਾਲੀ ਪ੍ਰਦਰਸ਼ਨੀ ਵਿੱਚ ਰਾਜ ਦੇ ਮੋਹਰੀ ਉੱਦਮੀ ਆਪਣੇ ਉਤਪਾਦਾਂ ਦਾ ਵੀ ਪ੍ਰਦਰਸ਼ਨ ਕਰਨਗੇ।

ਕੈਪਸ਼ਨ: ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ-2019 ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਤੇ ਹੋਰ।