ਰਿਉੜੀਆਂ ਵਾਂਗ ‘ਰੁਤਬੇ’ ਵੰਡ ਕੇ ਸੰਵਿਧਾਨ ਅਤੇ ਖ਼ਜ਼ਾਨੇ ਦੀਆਂ ਧੱਜੀਆਂ ਉਡਾ ਰਹੇ ਹਨ ਕੈਪਟਨ-ਭਗਵੰਤ ਮਾਨ
ਖ਼ਜ਼ਾਨੇ ਅਤੇ ਲੋਕਾਂ ਨੂੰ ਮਹਿੰਗੇ ਪੈ ਰਹੇ ਹਨ ਕੈਪਟਨ ਦੇ ਸਿਆਸੀ ਪੈਂਤੜੇ
ਚੰਡੀਗੜ੍ਹ, 28 ਜੁਲਾਈ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਪੱਧਰ ਦੇ ਰੁਤਬੇ ਰਿਉੜੀਆਂ ਵਾਂਗ ਵੰਡੇ ਜਾਣ ਦਾ ਸਖ਼ਤ ਵਿਰੋਧ ਕੀਤਾ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਪਣੀ ਹਿੱਲ ਰਹੀ ਕੁਰਸੀ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੰਤਰੀ ਪੱਧਰ ਦੇ ਰੁਤਬੇ ਵੰਡਣ ‘ਚ ਮਸਰੂਫ਼ ਹਨ, ਪਰੰਤੂ ਕੈਪਟਨ ਦੇ ਇਹ ਸਿਆਸੀ ਪੈਂਤੜੇ ਜਿੱਥੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ, ਉੱਥੇ ਪੰਜਾਬ ਦੇ ਖ਼ਜ਼ਾਨੇ ਦੀਆਂ ਵੀ ਫੱਕੀਆਂ ਉਡਾ ਰਹੇ ਹਨ। ਜਿਸ ਦਾ ਆਮ ਆਦਮੀ ਪਾਰਟੀ ਸਿਧਾਂਤਕ ਅਤੇ ਵਿਵਹਾਰਿਕ ਵਿਰੋਧ ਕਰਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦੀਆਂ ਸਹੂਲਤਾਂ ਅਤੇ ਰੁਤਬਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ ਦਿਖਾ ਦਿੱਤਾ ਹੈ ਕਿ ਕਾਂਗਰਸ ਅੰਦਰ ਸਭ ਕੁਛ ਠੀਕ ਨਾ ਹੋਣ ਕਰ ਕੇ ਵਿਧਾਇਕਾਂ ਅਤੇ ਆਗੂਆਂ ਨੂੰ ਕਿਸ ਤਰਾਂ ਦੇ ਲਾਲਚ ਦੇਣੇ ਪੈ ਰਹੇ ਹਨ।
ਮਾਨ ਨੇ ਕਿਹਾ ਕਿ ਸੰਵਿਧਾਨ ਅਤੇ ਕਾਨੂੰਨ ਮੁਤਾਬਿਕ ਪੰਜਾਬ ਦੇ 117 ਵਿਧਾਇਕਾਂ ‘ਤੇ ਮੁੱਖ ਮੰਤਰੀ ਸਮੇਤ ਕੁੱਲ 18 ਮੰਤਰੀ ਹੀ ਬਣਾਏ ਜਾ ਸਕਦੇ ਹਨ, ਪਰੰਤੂ ਕੈਪਟਨ ਅਮਰਿੰਦਰ ਸਿੰਘ ਸਮੇਂ ਸਮੇਂ ‘ਤੇ ਉੱਠਦੇ ਅੰਦਰੂਨੀ ਸਿਆਸੀ ਤੁਫ਼ਾਨਾਂ ਨੂੰ ਠੱਲ੍ਹਣ ਲਈ ਕੈਬਨਿਟ ਮੰਤਰੀਆਂ ਦੇ ਰੁਤਬਿਆਂ ਦਾ ਪਟਾਰਾ ਖੋਲ੍ਹ ਲੈਂਦੇ ਹਨ। ਇਸ ਸਮੇਂ ਮੰਤਰੀ ਮੰਡਲ ‘ਚ ਬੇਸ਼ੱਕ ਇੱਕ ਅਹੁਦਾ (ਨਵਜੋਤ ਸਿੱਧੂ ਦੇ ਅਸਤੀਫ਼ੇ ਉਪਰੰਤ) ਖ਼ਾਲੀ ਪਿਆ ਹੈ, ਪਰੰਤੂ 10 ਦੇ ਕਰੀਬ ਕੈਬਨਿਟ/ਰਾਜ ਮੰਤਰੀਆਂ ਦੇ ਰੁਤਬੇ ਨਿਵਾਜੇ ਹੋਏ ਹਨ, ਜਦਕਿ ਮੁੱਖ ਮੰਤਰੀ ਦੀ ਆਪਣੀ ਓ.ਐਸ.ਡੀ ਫ਼ੌਜ ਦੀ ਗਿਣਤੀ ਇੱਕ ਦਰਜਨ ਤੋਂ ਟੱਪ ਚੁੱਕੀ ਹੈ ਅਤੇ ਇਨ੍ਹਾਂ ਦੀਆਂ ਕਾਰਾਂ-ਕੋਠੀਆਂ ਅਤੇ ਲਾਮ ਲਸ਼ਕਰ ਦਾ ਬੋਝ ਪੰਜਾਬ ਦੇ ਖ਼ਜ਼ਾਨੇ ਰਾਹੀ ਜਨਤਾ ਝੱਲ ਰਹੀ ਹੈ।