Constitution Day 2026: ਭਾਜਪਾ ਅੱਜ ਦੇਸ਼ ਭਰ ’ਚ ਮਨਾਏਗੀ ‘ਸੰਵਿਧਾਨ ਗੌਰਵ ਦਿਵਸ’
– ਦਿੱਲੀ, ਅਹਿਮਦਾਬਾਦ ਅਤੇ ਪਟਨਾ ’ਚ ਹੋਣਗੇ ਸਮਾਗਮ
– ਕਾਂਗਰਸ ਪ੍ਰਧਾਨ ਖੜਗੇ ਲਖਨਊ ’ਚ ਸੰਵਿਧਾਨ ਰੱਖਿਆ ਮਾਰਚ ’ਚ ਲੈਣਗੇ ਹਿੱਸਾ
ਚੰਡੀਗੜ੍ਹ, 26 ਨਵੰਬਰ (ਵਿਸ਼ਵ ਵਾਰਤਾ): ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਦੇਸ਼ ਭਰ ਵਿੱਚ ਸੰਵਿਧਾਨ ਗੌਰਵ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਸੂਬਿਆਂ ਵਿੱਚ ਸਮਾਗਮ ਕਰਵਾਏ ਜਾਣਗੇ, ਜਿਨ੍ਹਾਂ ਰਾਹੀਂ ਭਾਰਤੀ ਸੰਵਿਧਾਨ ਦੀ ਮਹੱਤਤਾ ਅਤੇ ਇਸ ਦੇ ਨਿਰਮਾਣ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ।
ਦਿੱਲੀ ਦੇ ਸਿਵਿਕ ਸੈਂਟਰ ਵਿਖੇ ਦੁਪਹਿਰ 3:30 ਵਜੇ ਹੋਣ ਵਾਲੇ ਮੁੱਖ ਸਮਾਗਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੀ ਮੌਜੂਦ ਰਹਿਣਗੇ। ਭਾਜਪਾ ਦੇ ਸੀਨੀਅਰ ਆਗੂ ਜੇ.ਪੀ. ਨੱਢਾ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵੀ ਸੰਵਿਧਾਨ ਗੌਰਵ ਦਿਵਸ ਨਾਲ ਸਬੰਧਤ ਸਮਾਗਮਾਂ ਨੂੰ ਸੰਬੋਧਨ ਕਰਨਗੇ।
ਪਾਰਟੀ ਵੱਲੋਂ ਨਵੀਂ ਦਿੱਲੀ ਤੋਂ ਇਲਾਵਾ ਅਹਿਮਦਾਬਾਦ ਅਤੇ ਪਟਨਾ ਵਿੱਚ ਵੀ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਦੂਜੇ ਪਾਸੇ ਕਾਂਗਰਸ ਵੱਲੋਂ ਵੀ ਇਸ ਦਿਨ ਨੂੰ ਲੈ ਕੇ ਵੱਖਰੇ ਪ੍ਰੋਗਰਾਮ ਉਲੀਕੇ ਗਏ ਹਨ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਲਖਨਊ ਪਹੁੰਚ ਕੇ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਬਾਅਦ ਉਹ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਦੇ ਨਾਲ ਸੰਵਿਧਾਨ ਰੱਖਿਆ ਮਾਰਚ ਵਿੱਚ ਵੀ ਸ਼ਮੂਲੀਅਤ ਕਰਨਗੇ।























