ਅਕਾਲੀ ਦਲ – ਭਾਜਪਾ ਗਠਜੋੜ ਤੇ ਸੀਐਮ ਮਾਨ ਦਾ ਵੱਡਾ ਬਿਆਨ
ਟਵੀਟ ਕਰ ਸਾਧਿਆ ਨਿਸ਼ਾਨਾ; ਪੜ੍ਹੋ ਕੀ ਕਿਹਾ
ਚੰਡੀਗੜ੍ਹ, 24 ਨਵੰਬਰ 2026 (ਵਿਸ਼ਵ ਵਾਰਤਾ): ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਹੋਏ ਗਠਜੋੜ ਤੇ ਸੀਐਮ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਕਿਹਾ ਕਿ “ਅਕਾਲੀ ਦਲ ਅਤੇ ਭਾਜਪਾ ਦਾ ਇਹ ਸਮਝੌਤਾ ਪੰਜਾਬ ਨੂੰ ਨਹੀਂ, ਸਗੋਂ ਆਪਣੇ ਪਰਿਵਾਰ ਅਤੇ ਕੁਰਸੀ ਨੂੰ ਬਚਾਉਣ ਦਾ ‘ਠੱਗ ਜੋੜ’ ਹੈ, ਜਿਹੜੇ ਕੱਲ੍ਹ ਤੱਕ ਤਿੰਨ ਖੇਤੀ ਕਾਨੂੰਨਾਂ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਅਤੇ ਸਿੱਖ ਸੰਸਥਾਵਾਂ ਦੇ ਮੁੱਦੇ ‘ਤੇ ਇੱਕ-ਦੂਜੇ ਨੂੰ ਕੋਸਦੇ ਸੀ, ਅੱਜ ਸੱਤਾ ਦੇ ਲਾਲਚ ‘ਚ ਫਿਰ ਇਕੱਠੇ ਹੋ ਗਏ।
ਉਨ੍ਹਾਂ ਅੱਗੇ ਕਿਹਾ ਕਿ “20 ਸਾਲ ਆਪਸ ‘ਚ ‘ਨੂਰਾ ਕੁਸ਼ਤੀ’ ਖੇਡਣ ਵਾਲੇ ਸਾਰੇ ਰਵਾਇਤੀ ਆਗੂ ਹੁਣ ਇੱਕੋ ਸਟੇਜ ‘ਤੇ ਆ ਗਏ ਹਨ. ਪਰ ਪੰਜਾਬ ਦੇ ਲੋਕ 2007-2017 ਦੌਰਾਨ ਫੈਲੇ ਨਸ਼ਿਆਂ ਅਤੇ ਬੇਅਦਬੀਆਂ ਨੂੰ ਕਦੇ ਨਹੀਂ ਭੁੱਲ ਸਕਦੇ। ਆਮ ਆਦਮੀ ਪਾਰਟੀ ਦਾ ਗੱਠਜੋੜ ਸਿਰਫ਼ ਪੰਜਾਬ ਦੇ ਸਵਾ ਤਿੰਨ ਕਰੋੜ ਲੋਕਾਂ ਨਾਲ ਹੈ. ਮੁਫ਼ਤ ਬਿਜਲੀ, ਨਹਿਰੀ ਪਾਣੀ, ਮੁਹੱਲਾ ਕਲੀਨਿਕ, ਸਕੂਲ ਆਫ਼ ਐਮੀਨੈਂਸ ਅਤੇ ਬਿਨਾਂ ਰਿਸ਼ਵਤ ਸਰਕਾਰੀ ਨੌਕਰੀਆਂ ਸਾਡੀ ਸਕਾਰਾਤਮਕ ਰਾਜਨੀਤੀ ਦੀ ਪਛਾਣ ਹਨ।ਪੰਜਾਬੀ ਇਨ੍ਹਾਂ ਦੇ ‘ਠੱਗ ਜੋੜ’ ਨੂੰ ਕਦੇ ਮੂੰਹ ਨਹੀਂ ਲਾਉਣਗੇ।”























