ਲੁਧਿਆਣਾਃ 21 ਨਵੰਬਰ(ਵਿਸ਼ਵ ਵਾਰਤਾ) ਇਨਕਲਾਬੀ ਸੋਚ ਧਾਰਾ ਦੇ ਕਵੀ ਜੈਮਲ ਸਿੰਘ ਪੱਡਾ ਦੇ ਜੀਵਨ ਸੰਘਰਸ਼ ,ਕਵਿਤਾ ਬਾਰੇ ਆਲੋਚਨਾ ਤੇ ਉਸ ਦੀਆਂ ਕਵਿਤਾਵਾਂ ਦਾ ਸੰਗ੍ਰਹਿ “ਲੋਕ ਪੀੜਾਂ” ਨੂੰ ਅੱਜ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ ਨੇ ਲੋਕ ਅਰਪਣ ਕੀਤਾ।
ਜੈਮਲ ਸਿੰਘ ਪੱਡਾ ਬਾਰੇ ਇਸ ਰਚਨਾ ਨੂੰ ਆਲਮੀ ਵਿਰਾਸਤ ਫਾਉਂਡੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਸਹਿਯੋਗ ਨਾਲ ਹਰਨੂਰ ਗਰਾਫਿਕਸ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤਾ ਹੈ। ਇਸ ਪੁਸਤਕ ਬਾਰੇ ਜਾਣਕਾਰੀ ਦੇਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਉਸ ਦੀਆਂ ਮੌਲਿਕ ਕਾਵਿ ਰਚਨਾਵਾਂ ਤੋਂ ਇਲਾਵਾ ਗਦਰੀ ਬਾਬਾ ਭਗਤ ਸਿੰਘ ਬਿਲਗਾ, ਦਰਸ਼ਨ ਖਟਕੜ, ਅਮੋਲਕ ਸਿੰਘ, ਡਾ. ਰਾਜਿੰਦਰਪਾਲ ਸਿੰਘ ਬਰਾੜ, ਮੱਖਣ ਮਾਨ, ਆਨੰਦ ਪਟਵਰਧਨ, ਡਾ. ਗੁਰਇਕਬਾਲ ਸਿੰਘ, ਸੰਤ ਰਾਮ ਉਦਾਸੀ,ਪ੍ਰੋ. ਹਰਭਜਨ ਸਿੰਘ, ਭੁਪਿੰਦਰ ਸਿੰਘ ਸੰਧੂ,ਸਰਦਾਰਾ ਸਿੰਘ ਮਾਹਿਲ,ਸੁਖਦਰਸ਼ਨ ਨੱਤ ਅਤੇ ਮੇਰੀਆਂ ਟਿੱਪਣੀਆਂ ਹਨ। ਲੇਖਕ ਬਾਰੇ ਜਾਣਕਾਰੀ ਦੇਦਿਆਂ ਪ੍ਰੋ. ਗਿੱਲ ਨੇ ਹੋਰ ਦੱਸਿਆ ਕਿ ਜੈਮਲ ਸਿੰਘ ਪੱਡਾ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ’ਚ ਚਾਰ ਦਸੰਬਰ 1943 ਨੂੰ ਮਾਤਾ ਚੰਨਣ ਕੌਰ ਦੀ ਕੁਖੋਂ ਕਵੀਸ਼ਰ ਪਿਤਾ ਸ. ਸੰਤੋਖ ਸਿੰਘ ਮਸਤਾਨਾ ਦੇ ਘਰ ਪੈਦਾ ਹੋਏ ਤੇ 18 ਮਾਰਚ 1988 ਨੂੰ ਸ਼ਹੀਦ ਹੋ ਗਏ।
ਇਸ ਸ਼ਾਇਰ ਦੀ ਸ਼ਹਾਦਤ ਉਪਰੰਤ ਪੰਜਾਬੀ ਕਵੀ ਦਰਸ਼ਨ ਖਟਕੜ ਨੇ ਉਨ੍ਹਾਂ ਦੀ ਕਾਵਿ ਰਚਨਾ ‘ਪੈਰ ਸੂਲਾਂ ਤੇ ਵੀ ਨੱਚਦੇ ਰਹਿਣਗੇ’ ਨਾਮ ਹੇਠ ਸ: ਗੁਰਸ਼ਰਨ ਸਿੰਘ ਨਾਟਕਕਾਰ ਵੱਲੋਂ ਸਥਾਪਤ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਅੰਮ੍ਰਿਤਸਰ ਰਾਹੀਂ ਛਪਵਾਈ। ਭਾਵੇਂ ਪਹਿਲਾਂ 1978 ਚ ਉਸ ਦੀ ਇੱਕ ਨਿੱਕੀ ਜੇਹੀ ਕਿਤਾਬ ਛਪੀ ਪਰ ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਬਣਨ ਕਾਰਨ ਕਵਿਤਾ ਪਿੱਛੇ ਰਹਿ ਗਈ।
ਅਜਮੇਰ ਸਿੱਧੂ ਨੇ ਵੀ ਸ਼ਹੀਦ ਜੈਮਲ ਪੱਡਾ ਦੇ ਜੀਵਨ ਤੇ ਰਚਨਾ ਨਾਮੀ ਪੁਸਤਕ ਵੀ ਸੰਪਾਦਿਤ ਕੀਤੀ ਹੈ। ਜੈਮਲ ਸਿੰਘ ਪੱਡਾ ਦੀਆਂ ਲਿਖਤਾਂ ਹੀ ਹੁਣ ਸਾਡੇ ਕੋਲ ਰਾਹ ਦਿਸੇਰਾ ਅਮਾਨਤ ਵਾਂਗ ਹਨ।
ਦਰਸ਼ਨ ਬੁੱਟਰ ਤੇ ਸੁਸ਼ੀਲ ਦੋਸਾਂਝ ਨੇ ਕਿਹਾ ਕਿ ਭੁਪਿੰਦਰ ਸੰਧੂ ਨੇ ਇਨਕਲਾਬੀ ਵਿਰਾਸਤ ਦੀ ਸੰਭਾਲ ਕਰਕੇ ਇਤਿਹਾਸਤ ਸੰਪਤੀ ਸੰਭਾਲੀ ਹੈ ਜਿਸ ਸਦਕਾ ਉਹ ਮੁਬਾਰਕ ਦੇ ਹੱਕਦਾਰ ਹਨ।