National: ਦਿੱਲੀ ’ਚ ਅੱਜ 27 ਤੋਂ ਵੱਧ ਵਿਆਹ ਸਮਾਗਮ, ਟ੍ਰੈਫਿਕ ਪ੍ਰਭਾਵਿਤ ਹੋਣ ਦਾ ਖ਼ਦਸ਼ਾ
– ਦੱਖਣੀ ਦਿੱਲੀ ਦੇ ਕਈ ਰਸਤਿਆਂ ’ਤੇ ਜਾਮ ਦੀ ਸੰਭਾਵਨਾ
– ਟ੍ਰੈਫਿਕ ਪੁਲਿਸ ਨੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਕੀਤੇ ਤਾਇਨਾਤ
ਚੰਡੀਗੜ੍ਹ, 21 ਨਵੰਬਰ (ਵਿਸ਼ਵ ਵਾਰਤਾ): ਦੱਖਣੀ ਦਿੱਲੀ ਵਿੱਚ ਸ਼ਨੀਵਾਰ ਨੂੰ 27 ਤੋਂ ਵੱਧ ਵਿਆਹ ਸਮਾਗਮ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਸਮਾਗਮਾਂ ਵਿੱਚ 12 ਹਜ਼ਾਰ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਅਤੇ 5 ਹਜ਼ਾਰ ਤੋਂ ਜ਼ਿਆਦਾ ਵਾਧੂ ਵਾਹਨਾਂ ਦੇ ਸੜਕਾਂ ’ਤੇ ਆਉਣ ਦਾ ਅਨੁਮਾਨ ਹੈ। ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਲੋੜੀਂਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਬਾਵਜੂਦ ਕਈ ਪ੍ਰਮੁੱਖ ਸੜਕਾਂ ’ਤੇ ਜਾਮ ਲੱਗਣ ਅਤੇ ਵਾਹਨਾਂ ਦੀ ਰਫ਼ਤਾਰ ਹੌਲੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।

ਟ੍ਰੈਫਿਕ ਪੁਲਿਸ ਅਨੁਸਾਰ ਐੱਸਐੱਸਐੱਨ ਮਾਰਗ (ਭਾਟੀ ਮਾਈਨਜ਼ ਰੋਡ), 100 ਫੁੱਟਾ ਰੋਡ, ਅਨੁਵ੍ਰਤ ਮਾਰਗ, ਅਰਬਿੰਦੋ ਮਾਰਗ, ਮੰਡੀ ਰੋਡ, ਜੋਨਾਪੁਰ ਰੋਡ, ਮਹਿਰੌਲੀ-ਗੁਰੂਗ੍ਰਾਮ ਰੋਡ ਅਤੇ ਮਹਿਰੌਲੀ-ਮਹੀਪਾਲਪੁਰ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਪੁਲਿਸ ਨੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਨ੍ਹਾਂ ਰਸਤਿਆਂ ਤੋਂ ਲੰਘਣ ਸਮੇਂ ਵਾਧੂ ਸਮਾਂ ਲੈ ਕੇ ਚੱਲਣ ਅਤੇ ਸੰਭਵ ਹੋਵੇ ਤਾਂ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।























