National: ਭਾਰਤ ਮੰਡਪਮ ’ਚ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ
– ਸਵੇਰੇ 10 ਵਜੇ ਹੋਵੇਗੀ ਮੀਟਿੰਗ
– ਪਿਛਲੇ ਫੈਸਲਿਆਂ ਦੀ ਸਮੀਖਿਆ ਦੇ ਨਾਲ ਭਵਿੱਖ ਦੀ ਕਾਰਜ ਯੋਜਨਾ ’ਤੇ ਹੋਵੇਗੀ ਚਰਚਾ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਫਿਲੀਪੀਨਜ਼ ਦੇ ਦੌਰੇ ਤੋਂ ਵਾਪਸੀ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸਵੇਰੇ ਕਰੀਬ 10 ਵਜੇ ਹੋਣ ਵਾਲੀ ਇਸ ਮੀਟਿੰਗ ਵਿੱਚ ਸਰਕਾਰ ਦੇ ਪਿਛਲੇ ਫੈਸਲਿਆਂ ਅਤੇ ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਜਾਵੇਗੀ। ਬੈਠਕ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪਿਛਲੀ ਮੀਟਿੰਗ ਵਿੱਚ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਅਤੇ ਤੈਅ ਕੀਤੇ ਗਏ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਏ ਜਾਣ ਦੀ ਉਮੀਦ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਲਈ ਕਾਰਜ ਯੋਜਨਾ ਤਿਆਰ ਕਰਨ ਅਤੇ ਸਰਕਾਰੀ ਯੋਜਨਾਵਾਂ ਤੇ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਹੋਵੇਗਾ।
ਸਤੰਬਰ ’ਚ ਹੋਇਆ ਸੀ ‘ਚਿੰਤਨ ਸ਼ਿਵਿਰ’
ਕੇਂਦਰੀ ਮੰਤਰੀ ਮੰਡਲ ਦੀ ਪਿਛਲੀ ਬੈਠਕ ਸਤੰਬਰ ਵਿੱਚ ‘ਚਿੰਤਨ ਸ਼ਿਵਿਰ’ ਦੇ ਰੂਪ ਵਿੱਚ ਹੋਈ ਸੀ। ਇਸ ਦਾ ਮੁੱਖ ਕੇਂਦਰ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣਾ ਸੀ। ਉਸ ਸਮੇਂ ਮੰਤਰੀਆਂ ਨੇ ਯੋਜਨਾਵਾਂ ਦੀ 100 ਫੀਸਦੀ ਪਹੁੰਚ ਯਕੀਨੀ ਬਣਾਉਣ ਅਤੇ ਲੋਕਾਂ ਤੱਕ ਸਰਕਾਰੀ ਉਪਰਾਲਿਆਂ ਦੀ ਜਾਣਕਾਰੀ ਬਿਹਤਰ ਢੰਗ ਨਾਲ ਪਹੁੰਚਾਉਣ ਬਾਰੇ ਚਰਚਾ ਕੀਤੀ ਸੀ। ਵੱਖ-ਵੱਖ ਮੰਤਰਾਲਿਆਂ ਨੇ ‘ਵਿਕਸਿਤ ਭਾਰਤ 2047’ ਦੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਉਪਰਾਲਿਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਸੀ।
ਇਸ ਵਾਰ ਸਿਰਫ਼ ਕੈਬਨਿਟ ਮੰਤਰੀ ਹੋਣਗੇ ਸ਼ਾਮਲ
ਪਿਛਲੀਆਂ ਕੁਝ ਬੈਠਕਾਂ ਦੇ ਉਲਟ, ਇਸ ਵਾਰ ਦੀ ਮੀਟਿੰਗ ਵਿੱਚ ਸਿਰਫ਼ ਕੈਬਨਿਟ ਮੰਤਰੀਆਂ ਦੇ ਸ਼ਾਮਲ ਹੋਣ ਦੀ ਗੱਲ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਆਪਣੇ ਦਫ਼ਤਰ ਵਿੱਚ ਰਾਜ ਮੰਤਰੀਆਂ ਅਤੇ ਸੁਤੰਤਰ ਚਾਰਜ ਵਾਲੇ ਰਾਜ ਮੰਤਰੀਆਂ ਨਾਲ ਵੱਖ-ਵੱਖ ਬੈਠਕਾਂ ਕਰ ਚੁੱਕੇ ਹਨ। ਇਨ੍ਹਾਂ ਮੀਟਿੰਗਾਂ ਤੋਂ ਬਾਅਦ ਹੁਣ ਕੈਬਨਿਟ ਮੰਤਰੀਆਂ ਦੀ ਇਹ ਵੱਖਰੀ ਬੈਠਕ ਸਰਕਾਰ ਦੇ ਕੰਮਕਾਜ ਅਤੇ ਅਗਲੀ ਰਣਨੀਤੀ ’ਤੇ ਕੇਂਦਰਿਤ ਰਹੇਗੀ।























